ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਗ੍ਰਹਿ ਮੰਤਰਾਲੇ ਨੂੰ ਬੇਨਤੀ ਕੀਤੀ ਕਿ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਅਤੇ ਕਮਲਨਾਥ ਵਿਰੁੱਧ ਤੇਜ਼ੀ ਨਾਲ ਕੇਸ ਚਲਾਏ ਜਾਣ ਅਤੇ ਕਾਂਗਰਸ ਵੱਲੋਂ ਕਰਵਾਏ 1984 ਦੇ ਸਿੱਖ ਕਤਲੇਆਮ ਦੇ ਪੀੜਤ 36 ਸਾਲ ਲੰਘਣ ਮਗਰੋਂ ਹਾਲੇ ਤੱਕ ਨਿਆਂ ਦੀ ਉਡੀਕ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ 1 ਤੋਂ 4 ਨਵੰਬਰ ਤੱਕ ਹੋਏ ਕਤਲੇਆਮ ਦੇ ਪੀੜਤਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ ਤੇ ਕਿਹਾ ਕਿ ਪਾਰਟੀ ਉਨ੍ਹਾਂ ਲਈ ਸੰਘਰਸ਼ ਲੜਦੀ ਰਹੇਗੀ ਅਤੇ ਯਕੀਨੀ ਬਣਾਏਗੀ ਕਿ ਇਸ ਕਤਲੇਆਮ ਵਿੱਚ ਸ਼ਾਮਲ ਕਾਂਗਰਸੀਆਂ ਨੂੰ ਸ਼ਜਾਵਾਂ ਮਿਲਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਮੋਹਰੀ ਹੋ ਕੇ ਲੜਾਈ ਲੜੀ ਤੇ ਕਾਂਗਰਸੀ ਆਗੂ ਸੱਜਣ ਕੁਮਾਰ ਤੇ ਹੋਰਨਾਂ ਨੂੰ ਜੇਲ੍ਹਾਂ ਵਿੱਚ ਪਹੁੰਚਾਇਆ।
ਬਾਦਲ ਨੇ ਕਿਹਾ ਕਿ ਭਾਵੇਂ ਜਗਦੀਸ਼ ਟਾਈਟਲਰ ਤੇ ਕਮਲਨਾਥ ਦੇ ਖ਼ਿਲਾਫ਼ ਗਵਾਹ ਸਾਹਮਣੇ ਆਏ ਪਰ ਕਾਂਗਰਸੀ ਆਪਣੇ ਵਿਰੁੱਧ ਕੇਸ ਲਟਕਵਾਉਣ ਵਿੱਚ ਸਫ਼ਲ ਹੋ ਗਏ ਜੋ ਕਿ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਸੀਨੀਅਰ ਪੱਤਰਕਾਰ ਸੰਜੇ ਸੂਰੀ, ਜਿਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਅੱਖੀਂ ਵੇਖਿਆ ਸੀ, ਨੇ ਹਾਲ ਹੀ ਵਿੱਚ ਇਹ ਟਵੀਟ ਕੀਤਾ ਸੀ। ਉਨ੍ਹਾਂ ਨੇ ਐਸ.ਆਈ.ਟੀ ਨੂੰ ਲਿਖ ਕੇ ਆਖਿਆ ਕਿ ਉਨ੍ਹਾਂ ਕੋਲ ਗਵਾਹ ਵਜੋਂ ਸਬੂਤ ਮੌਜੂਦ ਹੈ ਪਰ ਉਨ੍ਹਾਂ ਨੂੰ ਕਦੇ ਵੀ ਇਸ ਵਾਸਤੇ ਸੱਦਿਆ ਹੀ ਨਹੀਂ ਗਿਆ।