ਚੰਡੀਗੜ੍ਹ: ਕਾਂਗਰਸ ਪਾਰਟੀ ਲਈ ਪੰਜਾਬ ਨੂੰ ਸੰਭਾਲਣਾ ਦਿਨੋ ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇੱਕ ਪਾਸੇ ਕੈਬਨਿਟ ਦਾ ਪੇਚ ਫਸਿਆ ਹੋਇਆ ਹੈ ਤੇ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਚੋਣਾਂ ਤੋਂ ਪੰਜ ਮਹੀਨੇ ਪਹਿਲਾਂ ਅਜਿਹੀ ਹਾਲਤ ਵਿੱਚ ਪਾਰਟੀ ਕਸੂਤੀ ਫਸ ਗਈ ਹੈ ਪਰ ਫਿਲਹਾਲ ਪਾਰਟੀ ਨੇ ਰਾਹੁਲ ਗਾਂਧੀ ਦੇ ਸੁਰ ਵਿਚ ਸੁਰ ਮਿਲਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਕਰਾਰਾ ਜਵਾਬ ਦੇਣ ਦੀ ਰਣਨੀਤੀ ਖੇਡੀ ਹੈ।
ਪਾਰਟੀ ਹਾਈਕਮਾਂਡ ਦੇ ਕੰਨ ਭਰੇ
ਮੁੱਖ ਮੰਤਰੀ ਦੇ ਅਹੁਦੇ ਤੋਂ ਵਾਂਝੇ ਹੋ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੇ ਖੁੱਲ੍ਹ ਕੇ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਕੰਨ ਭਰੇ ਗਏ ਹਨ। ਰਾਹੁਲ ਤੇ ਪ੍ਰਿਅੰਕਾ ਗਾਂਧੀ ਉਨ੍ਹਾਂ ਦੇ ਬੱਚੇ ਹਨ ਤੇ ਇਹ ਸਾਰਾ ਕੁਝ ਇਸ ਤਰ੍ਹਾਂ ਖਤਮ ਨਹੀਂ ਹੋਣਾ ਚਾਹੀਦਾ ਸੀ। ਕੈਪਟਨ ਨੇ ਕਿਹਾ ਸੀ ਕਿ ਉਹ ਤਿੰਨ ਹਫਤੇ ਪਹਿਲਾਂ ਵੀ ਅਸਤੀਫਾ ਦੇਣ ਨੂੰ ਤਿਆਰ ਸੀ ਪਰ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਕੰਮ ਜਾਰੀ ਰੱਖਣ ਲਈ ਕਿਹਾ ਸੀ ਪਰ ਜਿਸ ਤਰ੍ਹਾਂ ਨਾਲ ਵਿਧਾਇਕਾਂ ਦੀਆਂ ਮੀਟਿੰਗਾਂ ਬੁਲਾਈਆਂ ਜਾ ਰਹੀਆਂ ਸੀ, ਉਸ ਨਾਲ ਉਨ੍ਹਾਂ ਨੇ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕੀਤਾ ਤੇ ਅਸਤੀਫਾ ਦੇ ਦਿੱਤਾ।
ਹੁਣ ਕੈਪਟਨ ਦਾ ਪੇਚਾ (Tussle) ਸਿੱਧਾ ਹਾਈਕਮਾਂਡ ਨਾਲ ਜਿੱਤ ਕੇ ਸ਼ਾਇਦ ਛੱਡ ਦਿੰਦਾ ਅਹੁਦਾ ਪਰ ਹੁਣ ਜਰੂਰ ਲੜਾਂਗਾ ਚੋਣ
ਉਨ੍ਹਾਂ ਕਿਹਾ ਸੀ ਕਿ ਉਹ ਜਿੱਤ ਕੇ ਸ਼ਾਇਦ ਕਿਸੇ ਲਈ ਅਹੁਦਾ ਛੱਡ ਦਿੰਦੇ ਪਰ ਹਾਰ ਕੇ ਹਾਰ ਨਹੀਂ ਮੰਨਣਗੇ। ਉਨ੍ਹਾਂ ਪਾਰਟੀ ਹਾਈਕਮਾਂਡ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਕਿਹਾ ਸੀ ਕਿ ਸਿੱਧੂ ਨੂੰ ਪ੍ਰਧਾਨ ਬਣਾ ਕੇ ਵੱਡੀ ਗਲਤੀ ਕੀਤੀ ਹੈ। ਕੈਪਟਨ ਨੇ ਕਿਹਾ ਸੀ ਕਿ ਉਹ ਕਿਸੇ ਵੀ ਹਾਲ ਵਿੱਚ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਨ ਦੇਣਗੇ ਤੇ ਉਸ ਵਿਰੁੱਧ ਮਜਬੂਤ ਉਮੀਦਵਾਰ ਖੜ੍ਹਾ ਕਰਨਗੇ। ਇਹ ਵੀ ਕਿਹਾ ਸੀ ਕਿ ਜੇਕਰ ਪਾਰਟੀ ਸਿੱਧੂ ਦੀ ਅਗਵਾਈ ਹੇਠ ਚੋਣਾਂ ਲੜੇਗੀ ਤਾਂ 10 ਸੀਟਾਂ ਹਾਸਲ ਕਰਨਾ ਵੀ ਵੱਡੀ ਗੱਲ ਹੋਵੇਗੀ।
ਰਾਜਨੀਤੀ ਵਿੱਚ ਗੁੱਸੇ ਲਈ ਨਹੀਂ ਥਾਂ, ਤਾਂ ਕੀ ਬੇਇੱਜਤੀ ਲਈ ਹੈ
ਕੈਪਟਨ ਦੇ ਇਸ ਬਿਆਨ ਉਪਰੰਤ ਕਾਂਗਰਸ ਦੇ ਕੌਮੀ ਬੁਲਾਰੇ ਬੀਬੀ ਸੁਪ੍ਰਿਯਾ ਸ਼੍ਰੀਨਾਤੇ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਰਾਜਨੀਤੀ ਵਿੱਚ ਗੁੱਸੇ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਕੈਪਟਨ ਇੱਕ ਤਜਰਬੇਕਾਰ ਉਮਰਦਰਾਜ ਨੇਤਾ ਹਨ, ਪਾਰਟੀ ਨੇ ਉਨ੍ਹਾਂ ਨੂੰ ਨੌ ਸਾਲ ਨੌ ਮਹੀਨੇ ਮੁੱਖ ਮੰਤਰੀ ਬਣਾਈ ਰੱਖਿਆ ਤੇ ਜੇਕਰ ਉਹ ਪਾਰਟੀ ਛੱਡ ਕੇ ਕਿਤੇ ਹੋਰ ਜਾਣਾ ਚਾਹੁੰਦੇ ਹਨ ਤਾਂ ਇਹ ਫੈਸਲਾ ਨਿਜੀ ਫੈਸਲਾ ਹੋਵੇਗਾ। ਇਸ ਬਿਆਨ ‘ਤੇ ਪਲਟਵਾਰ ਕਰਦਿਆਂ ਕੈਪਟਨ ਨੇ ਜਵਾਬ ਦਿੰਦਿਆਂ ਕਿਹਾ ਹੈ ਕਿ ਇਹ ਸਹੀ ਹੈ ਕਿ ਰਾਜਨੀਤੀ ਵਿੱਚ ਗੁੱਸੇ ਲਈ ਥਾਂ ਨਹੀਂ ਹੈ ਪਰ ਕੀ ਕਾਂਗਰਸ ਜਹੀ ਸਭ ਤੋਂ ਪੁਰਾਣੀ ਪਾਰਟੀ ਵਿੱਚ ਅਪਮਾਨ ਕਰਨ ਲਈ ਥਾਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਰਗੇ ਕਿਸੇ ਸੀਨੀਅਰ ਆਗੂ ਨਾਲ ਪਾਰਟੀ ਵਿੱਚ ਅਜਿਹਾ ਵਰਤਾਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਵਰਤਾਰੇ ਤੋਂ ਇਹ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਪਾਰਟੀ ਵਿੱਚ ਆਮ ਵਰਕਰ ਨਾਲ ਕਿਹੋ ਜਿਹਾ ਵਰਤਾਰਾ ਹੁੰਦਾ ਹੋਵੇਗਾ।
ਹੁਣ ਲੜਾਈ ਦਿੱਲੀ ਨਾਲ
ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਬਿਆਨ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਹੁਣ ਪੰਜਾਬ ਦੀ ਲੜਾਈ ਸੂਬੇ ਵਿੱਚੋਂ ਨਿਕਲ ਕੇ ਕੌਮੀ ਪੱਧਰ ‘ਤੇ ਜਾ ਪੁੱਜੀ ਹੈ। ਦੂਜੇ ਪਾਸੇ ਇਹ ਵੀ ਸਪਸ਼ਟ ਜਾਪ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਜਿਸ ਤਰ੍ਹਾਂ ਨਾਲ ਸਖ਼ਤ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ, ਉਸੇ ਤਰ੍ਹਾਂ ਪੰਜਾਬ ਬਾਰੇ ਕੀਤੀ ਕਾਰਵਾਈ ਸ਼ਾਇਦ ਹੀ ਹੁਣ ਘੱਟ ਹੋਵੇ। ਦੂਜੇ ਪਾਸੇ ਜੇਕਰ ਪਾਰਟੀ ਵੱਲੋਂ ਕੈਪਟਨ ਦੇ ਖਾਸ ਵਿਧਾਇਕਾਂ ਨੂੰ ਕੈਬਨਿਟ ਵਿੱਚ ਥਾਂ ਨਹੀਂ ਮਿਲਦੀ ਤਾਂ ਇਹ ਬਲਦੀ ‘ਤੇ ਤੇਲ ਪਾਉਣ ਵਾਲਾ ਕੰਮ ਹੋਵੇਗਾ, ਜਿਹੜਾ ਕੀ ਪਾਰਟੀ ਲਈ ਪੰਜਾਬ ਵਿੱਚ ਕਿਸੇ ਵੱਡੇ ਨੁਕਸਾਨ ਨੂੰ ਨਿਉਂਦਾ ਦੇਣ ਦੇ ਬਰਾਬਰ ਹੋਵੇਗਾ।
ਟੀਮ ਕੈਪਟਨ ਸੋਸ਼ਲ ਮੀਡੀਆ ‘ਤੇ ਤਿਆਰ
ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਚਹੇਤਿਆਂ ਤੇ ਨੇੜਲਿਆਂ ਦੀ ਸਰਕਾਰ ਵਿੱਚੋਂ ਛਾਂਟੀ ਕਰ ਦਿੱਤੀ ਗਈ ਹੈ। ਇਸ ਸਬੰਧੀ ਸਰਕਾਰੀ ਬਿਆਨ ਆਉਣ ਦੇ ਨਾਲ ਹੀ ਇੱਕ ਓਐਸਡੀ ਨੇ ਸੋਸ਼ਲ ਮੀਡੀਆ ‘ਤੇ ਕੈਪਟਨ ਦੀ ਫੋਟੋ ਰਿਲੀਜ਼ ਕਰ ਦਿੱਤੀ ਹੈ, ਜਿਸ ਵਿੱਚ ਸਪਸ਼ਟ ਸੁਨੇਹਾ ਦੇ ਦਿੱਤਾ ਗਿਆ ਹੈ ਕਿ ਟੀਮ ਕੈਪਟਨ 2022 (Captain2022) ਲਈ ਤਿਆਰ ਹੈ। ਉਂਜ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਹੁਣ ਚੋਣ ਜਰੂਰ ਲੜਨਗੇ। ਹੁਣ ਇਹ ਭਵਿੱਖ ਦੇ ਗਰਭ ਵਿੱਚ ਹੈ ਕਿ ਕੈਪਟਨ ਕੋਈ ਕਰਿਸ਼ਮਾਈ ਖੇਡ ਰਾਹੀਂ ਕਾਂਗਰਸ ਵਿੱਚ ਹੀ ਆਪਣੇ ਰੁਤਬੇ ਮੁਤਾਬਕ ਮੁੜ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੁੰਦੇ ਹਨ, ਜਾਂ ਫੇਰ ਆਪਣੀ ਪਾਰਟੀ ਬਣਾ ਕੇ ਚੋਣ ਮੈਦਾਨ ਵਿੱਚ ਉਤਰਦੇ ਹਨ ਤੇ ਜਾਂ ਕੋਈ ਹੋਰ ਵਿਕਲਪ ਚੁਣਦੇ ਹਨ।