ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਸੂਬੇ ਭਰ ਵਿੱਚ ਚੱਲ ਰਹੇ ਮਾਈਨਿੰਗ ਮਾਫੀਆ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸੂਬੇ ਭਰ 'ਚ ਕੈਪਟਨ ਅਮਰਿੰਦਰ ਸਿੰਘ ਦੇ ਅਸ਼ੀਰਵਾਦ ਨਾਲ ਮਾਈਨਿੰਗ ਮਾਫੀਆ ਘਟਣ ਦੀ ਬਜਾਏ ਹੋਰ ਵਧ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਮਾਈਨਿੰਗ ਮਾਫੀਏ ਨੇ ਦਰਿਆਵਾਂ ਵਿੱਚ ਆਪਣੀਆਂ ਸੜਕਾਂ ਤੱਕ ਬਣਾ ਲਈਆਂ ਜਦੋਂ ਕਿ ਪਾਣੀ ਨੂੰ ਕੱਢਣ ਵਾਸਤੇ ਪਾਇਪਾਂ ਪਾਈਆਂ ਗਈਆਂ ਹਨ, ਪ੍ਰੰਤੂ ਕੈਪਟਨ ਦੇ ਪ੍ਰਸ਼ਾਸਨ ਨੇ ਅੱਖਾਂ ਉੱਤੇ ਪੱਟੀ ਬੰਨੀ ਹੋਈ ਹੈ, ਜਿਸ ਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ।
ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਵਾਂਗ ਕੈਪਟਨ ਦੇ ਰਾਜ ਵਿੱਚ ਵੀ ਸਰਕਾਰੀ ਸੰਪਤੀਆਂ ਨੂੰ ਲੁੱਟਣ ਦਾ ਧੰਦਾ ਜ਼ੋਰਾਂ ਉੱਤੇ ਚੱਲ ਰਿਹਾ, ਪਿਛਲੇ ਸਰਕਾਰ ਨਾਲੋਂ ਜੇਕਰ ਫ਼ਰਕ ਪਿਆ ਹੈ ਤਾਂ ਸਿਰਫ਼ ਇਹ ਹੈ ਕਿ ਪਹਿਲਾਂ ਪੈਸਾ ਬਾਦਲਾਂ ਨੂੰ ਜਾਂਦਾ ਸੀ, ਹੁਣ ਕੈਪਟਨ ਅਮਰਿੰਦਰ ਸਿੰਘ ਲੈ ਰਹੇ ਹਨ।
ਪਿਛਲੇ ਦਿਨੀਂ ਸਰਕਾਰ ਨੇ ਮੰਨਿਆ ਹੈ ਕਿ ਪਿਛਲੇ 4 ਚਾਲਾਂ ਵਿੱਚ ਮਾਈਨਿੰਗ ਮਾਫੀਆ ਸਬੰਧੀ ਸਿਰਫ 3 ਕੇਸ ਦਰਜ ਕੀਤੇ ਹਨ, ਜਦੋਂ ਕਿ ਨਜਾਇਜ਼ ਚਲ ਰਹੀ ਮਾਈਨਿੰਗ ਦਾ ਮਾਮਲਾ ਕਿਸੇ ਤੋਂ ਲੁੱਕਿਆ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀਆਂ ਸਰਕਾਰੀ ਸੰਪਤੀਆਂ ਦੀ ਰੱਖਿਆ ਕਰਨ ਲਈ ਸੰਵਿਧਾਨ ਦੀ ਸਹੁੰ ਚੁੱਕੀ ਸੀ, ਪਰ ਹੁਣ ਸੰਪਤੀਆਂ ਲੁੱਟਣ ਵਾਲੇ ਗਿਰੋਹ ਦੀ ਸੁਰੱਖਿਆ ਕਰ ਰਹੇ ਹਨ।
ਆਪ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਸੂਬੇ ਦੇ ਆਰਥਿਕਤਾ ਦਿਨੋ-ਦਿਨ ਡਾਵਾਂਡੋਲ ਹੋ ਰਹੀ ਹੈ, ਦੂਜੇ ਪਾਸੇ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਦੇ ਲਈ ਕੈਪਟਨ ਤਰ੍ਹਾਂ ਤਰ੍ਹਾਂ ਦਾ ਮਾਫੀਆ ਚਲਾਉਣ ਵਾਲਿਆਂ ਨੂੰ ਸੁਰੱਖਿਆ ਪ੍ਰਦਾਨ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਚੱਲ ਰਹੇ ਮਾਫੀਆ ਰਾਜ ਵਿਰੁੱਧ ਅੰਦੋਲਨ ਵਿੱਢਿਆ ਜਾਵੇਗਾ ਤਾਂ ਜੋ ਮਾਫੀਏ ਨੂੰ ਖਤਮ ਕਰਨ ਲਈ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ।