ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਦੀ ਅਗਵਾਈ ਕਰਨਗੇ।
ਲੋਕਾਂ ਨੇ ਮੁੜ ਪ੍ਰਵਾਨਿਤ ਕੀਤੀ ਮੁੱਖ ਮੰਤਰੀ ਦੀ ਲੀਡਰਸ਼ਿਪ
ਮੁੱਖ ਮੰਤਰੀ ਵੱਲੋਂ ਸਮਾਰਟ ਸਿਟੀ ਅਤੇ ਅਮਰੁਤ ਸਕੀਮਾਂ ਤਹਿਤ 1,087 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੇ ਜਾਣ ਲਈ ਹੋਏ ਇੱਕ ਸਮਾਗਮ ਦੌਰਾਨ ਜਾਖੜ ਨੇ ਕਿਹਾ ਕਿ ਮਿਊਂਸਪਲ ਚੋਣਾਂ ਵਿੱਚ ਕਾਂਗਰਸ ਦੀ ਹੂੰਝਾ ਫੇਰ ਜਿੱਤ ਨਾਲ ਵੋਟਰਾਂ ਨੇ ਨਾ ਸਿਰਫ ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਨੂੰ ਮੁੜ ਪ੍ਰਵਾਨਿਤ ਕੀਤਾ ਹੈ ਸਗੋਂ ਉਨ੍ਹਾਂ ਦੀ ਭਵਿੱਖੀ ਅਗਵਾਈ ਵਿੱਚ ਵੀ ਪੰਜਾਬੀਆਂ ਨੇ ਭਰੋਸਗੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮਿਸ਼ਨ ‘2022 ਲਈ ਕੈਪਟਨ’ ਦੀ ਸ਼ੁਰੂਆਤ ਪਹਿਲਾਂ ਹੀ ਕਰ ਚੁੱਕੀ ਹੈ ਅਤੇ ਅਗਲੀਆਂ ਚੋਣਾਂ ਵੀ ਉਨ੍ਹਾਂ ਦੀ ਅਗਵਾਈ ਵਿੱਚ ਹੀ ਲੜੇਗੀ।
ਮੁੱਖ ਮੰਤਰੀ ਕੈਪਟਨ ਨੇ ਔਖੇ ਸਮਿਆਂ 'ਚ ਕੀਤੀ ਕਾਂਗਰਸ ਦੀ ਅਗਵਾਈ
ਮੁੱਖ ਮੰਤਰੀ ਦੀ ਸ਼ਲਾਘਾ ਕਰਦਿਆਂ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਹੀ ਔਖੇ ਸਮਿਆਂ ਵਿੱਚ ਕਾਂਗਰਸ ਦੀ ਅਗਵਾਈ ਕੀਤੀ ਹੈ ਅਤੇ ਪੰਜਾਬ ਦੇ ਲੋਕ ਸੂਬੇ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਭਲੀ-ਭਾਂਤ ਜਾਣਦੇ ਹਨ। ਉਨ੍ਹਾਂ ਕਿਹਾ ਕਿ ਚਾਹੇ ਪੰਜਾਬ ਇਸ ਵੇਲੇ ਬਹੁਤ ਬੁਰੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ, ਚਾਹੇ ਕੋਵਿਡ ਦੀ ਗੱਲ ਹੋਵੇ, ਕਾਲੇ ਖੇਤੀ ਕਾਨੂੰਨਾਂ ਕਾਰਨ ਕਿਸਾਨਾਂ ’ਚ ਬੇਚੈਨੀ ਦੀ ਗੱਲ ਹੋਵੇ ਜਾਂ ਫਿਰ ਕੇਂਦਰ ਸਰਕਾਰ ਦੇ ਸੂਬੇ ਪ੍ਰਤੀ ਬੇਰੁਖੀ ਵਾਲੇ ਵਿਹਾਰ ਦੀ, ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਅਤੇ ਲੀਡਰਸ਼ਿਪ ਵਾਲੀ ਪਹੁੰਚ ਹੀ ਸੂਬੇ ਨੂੰ ਇਸ ਤੋਂ ਬਾਹਰ ਕੱਢਣ ਦੇ ਸਮਰੱਥਵਾਨ ਹੈ।