ਚੰਡੀਗੜ੍ਹ: ਸੂਬੇ ਵਿੱਚ ਮਾਲ ਗੱਡੀਆਂ ਦੀ ਸੁਚਾਰੂ ਅਤੇ ਸੁਰੱਖਿਅਤ ਆਵਾਜਾਈ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ ਹੈ ਕਿ ਉਹ ਰੇਲ ਸੇਵਾਵਾਂ ਬਹਾਲ ਕਰਨਾ ਯਕੀਨੀ ਬਣਾਉਣ ਲਈ ਆਪਣਾ ਦਖ਼ਲ ਦੇਣ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਜਲਦੀ ਹੱਲ ਲਈ ਆਸਵੰਦ ਹਨ।
ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਗੱਲ ਕਰ ਕੇ ਸਥਿਤੀ ਉਤੇ ਵਿਚਾਰ ਚਰਚਾ ਕੀਤੀ ਅਤੇ ਇਹ ਯਕੀਨ ਦਿਵਾਇਆ ਕਿ ਪੰਜਾਬ ਅਤੇ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼, ਲੱਦਾਖ ਅਤੇ ਜੰਮੂ ਤੇ ਕਸ਼ਮੀਰ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਦੀ ਸਹੂਲਤ ਲਈ ਰੇਲ ਸੇਵਾਵਾਂ ਨੂੰ ਮੁੜ ਬਹਾਲ ਕਰਨ ਵਿੱਚ ਅਮਨ ਤੇ ਕਾਨੂੰਨ ਵਿਵਸਥਾ ਦੀ ਕੋਈ ਚਿੰਤਾ ਨਹੀਂ ਹੈ। ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਸਾਰਿਆਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ।
ਸਰਹੱਦ ਸੁਰੱਖਿਆ ਦੀ ਚਿੰਤਾ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਰੇਲਵੇ ਨੇ ਤੁਰੰਤ ਮਾਲ ਗੱਡੀਆਂ ਚਲਾਉਣ ਦਾ ਫ਼ੈਸਲਾ ਨਾ ਕੀਤਾ ਤਾਂ ਲੱਦਾਖ ਵਿੱਚ ਰੱਖਿਆ ਬਲਾਂ ਅਤੇ ਘਾਟੀ ਵਿੱਚ ਬਰਫਬਾਰੀ ਤੋਂ ਪਹਿਲਾਂ ਜ਼ਰੂਰੀ ਸੇਵਾਵਾਂ ਨਾ ਪੁੱਜਦੀਆਂ ਹੋਣ ਕਾਰਨ ਦੇਸ਼ ਨੂੰ ਗੰਭੀਰ ਖਤਰਾ ਹੋ ਸਕਦਾ ਹੈ।