ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲੇ ਸਮਾਗਮਾਂ ਦੀ ਸਮਾਪਤੀ ਦੇ ਨੇੜੇ ਪਹੁੰਚਣ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸਾਰੇ ਵਿਭਾਗਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ਦੀ ਯਾਦ ਵਿੱਚ ਆਰੰਭੇ ਜਾ ਚੁੱਕੇ ਕਾਰਜਾਂ ਦੇ ਲੰਬਿਤ ਕੰਮ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਇਸ ਸਮੇਂ ਦੌਰਾਨ 65 ਪਿੰਡਾਂ ਵਿੱਚ ਪੂਰੇ ਹੋਏ 550 ਪ੍ਰਾਜੈਕਟਾਂ ਨੂੰ ਵਿਸ਼ੇਸ਼ ਤੌਰ 'ਤੇ ਉਜਾਗਰ ਕਰਨ ਦੇ ਵੀ ਨਿਰਦੇਸ਼ ਦਿੱਤੇ।
ਇਸ ਮਹੀਨੇ ਦੇ ਅੰਤ ਵਿੱਚ ਤਿੰਨ ਦਿਨਾਂ ਸਮਾਪਤੀ ਸਮਾਰੋਹ ਕਰਵਾਏ ਜਾਣਗੇ ਜੋ 30 ਨਵੰਬਰ ਨੂੰ ਸਮਾਪਤ ਹੋਣਗੇ ਅਤੇ ਮੁੱਖ ਮੰਤਰੀ ਪਹਿਲੇ ਸਿੱਖ ਗੁਰੂ ਸਾਹਿਬ ਜੀ ਨਾਲ ਸਬੰਧਤ ਇਤਿਹਾਸਕ ਕਸਬਿਆਂ 'ਤੇ ਨਤਮਸਤਕ ਹੋਣ ਲਈ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਜਾਣਗੇ।
ਪ੍ਰੋਗਰਾਮ ਬਾਰੇ ਵਿਚਾਰ-ਵਟਾਂਦਰੇ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਵੱਖ-ਵੱਖ ਵਿਭਾਗਾਂ ਨੂੰ ਕਿਹਾ ਕਿ ਉਹ ਸੂਬੇ ਵਿੱਚ ਕੋਵਿਡ-19 ਦੀ ਦੂਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ, ਜ਼ਿਆਦਾ ਭੀੜ ਵਾਲੇ ਸਮਾਗਮਾਂ ਤੋਂ ਬਚਣ ਅਤੇ ਇਸ ਦੀ ਬਜਾਏ ਵਰਚੁਅਲ/ਡਿਜੀਟਲ ਸਮਾਗਮਾਂ ਦਾ ਆਯੋਜਨ ਕਰਨ। ਉਨ੍ਹਾਂ ਨੇ ਵਿਭਾਗਾਂ ਨੂੰ ਸਾਲ ਭਰ ਚੱਲੇ ਸਮਾਗਮਾਂ ਦੌਰਾਨ 65 ਪਿੰਡਾਂ ਵਿੱਚ ਮੁਕੰਮਲ ਹੋਏ 550 ਪ੍ਰਾਜੈਕਟਾਂ ਨੂੰ ਦਰਸਾਉਣ ਦੇ ਨਿਰਦੇਸ਼ ਵੀ ਦਿੱਤੇ।
ਇਸ ਵਰਚੁਅਲ ਮੀਟਿੰਗ ਵਿੱਚ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ, ਤ੍ਰਿਪਤ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਿਰਕਤ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ 'ਤੇ ਅਧਾਰਤ ਇਕ 'ਕੌਫੀ ਟੇਬਲ' ਬੁੱਕ ਵੀ ਜਾਰੀ ਕੀਤੀ ਗਈ।