ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਲਗਾਏ ਗਏ ਉਨ੍ਹਾਂ ਦੇ ਸਲਾਹਕਾਰਾਂ ਵਿੱਚੋਂ ਦੋ ਪਿਆਰੇ ਲਾਲ ਗਰਗ ਤੇ ਮਾਲਵਿੰਦਰ ਸਿੰਘ ਮਲ੍ਹੀ ਨੂੰ ਤਾੜਨਾ ਕਰਦਿਆਂ ਸੰਵੇਦੀ ਮੁੱਦਿਆਂ ‘ਤੇ ਖਤਰਨਾਕ ਤੇ ਕਲਪਮਈ ਬਿਆਨਬਾਜੀ ਤੋਂ ਗੁਰੇਜ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਨੇ ਇਹ ਤਾੜਨਾ ਇੱਕ ਟਵੀਟ ਵਿੱਚ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਤੇ ਕਸ਼ਮੀਰ ਜਿਹੇ ਸੰਵੇਦੀ ਕੌਮੀ ਮੁੱਦਿਆਂ ‘ਤੇ ਬਿਨਾ ਸੋਚੇ ਸਮਝੇ ਕੀਤੀ ਬਿਆਨਬਾਜੀ ਸ਼ਾਂਤੀ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਸਲਾਹਕਾਰ ਸਿੱਧੂ ਨੂੰ ਸਲਾਹ ਦੇਣ ਨਾ ਕਿ ਮੁੱਦੇ ਬਾਰੇ ਘੱਟ ਜਾਂ ਜਾਣਕਾਰੀ ਨਾ ਹੋਣ ਦੇ ਬਾਵਜੂਦ ਬਿਆਨਬਾਜੀ ਕਰਨ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨਾਂ ਤੋਂ ਪਹਿਲਾਂ ਉਸ ਦੀਆਂ ਪੇਚੀਦਗੀਆਂ ਸਮਝ ਲੈਣੀਆਂ ਚਾਹੀਦੀਆਂ ਹਨ।
ਕੈਪਟਨ ਦੀ ਸਿੱਧੂ ਨੂੰ ਤਾਕੀਦ, ਸਲਾਹਕਾਰਾਂ ‘ਤੇ ਲਗਾਏ ਲਗਾਮ
ਮੁੱਖ ਮੰਤਰੀ ਨੇ ਸਿੱਧੂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਆਪਣੇ ਸਲਾਹਕਾਰਾਂ ਨੂੰ ਅਜਿਹੀ ਬਿਆਨਬਾਜੀ ਤੋਂ ਰੋਕਣ ਤਾਂ ਜੋ ਭਾਰਤ ਦੇ ਹਿੱਤਾਂ ਨੂੰ ਢਾਹ ਨਾ ਲੱਗੇ। ਜਿਕਰਯੋਗ ਹੈ ਕਿ ਪਿਆਰੇ ਲਾਲ ਗਰਗ ਨੇ ਕੈਪਟਨ ਦੇ ਪਾਕਿਸਤਾਨ ਬਾਰੇ ਬਿਆਨ ‘ਤੇ ਕੁਮੈਂਟ ਕੀਤਾ ਸੀ। ਇਸ ਤੋਂ ਪਹਿਲਾਂ ਮਲ੍ਹੀ ਨੇ ਕਸ਼ਮੀਰ ਮੁੱਦੇ ‘ਤੇ ਕਥਿਤ ਵਿਵਾਦਤ ਬਿਆਨ ਦਿੱਤਾ ਸੀ। ਇਸੇ ਕਾਰਨ ਮੁੱਖ ਮੰਤਰੀ ਨੇ ਟਵੀਟ ਕਰਕੇ ਜਿੱਥੇ ਦੋਵਾਂ ਨੂੰ ਤਾੜਨਾ ਕੀਤੀ ਹੈ, ਉਥੇ ਸਿੱਧੂ ਨੂੰ ਵੀ ਆਪਣੇ ਸਲਾਹਕਾਰਾਂ ਨੂੰ ਸਮਝਾਉਣ ਦੀ ਤਾਕੀਦ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮਾਲੀ ਤੇ ਗਰਗ ਦੇ ਅਸਚਰਜ ਭਰੇ ਬਿਆਨਾਂ ਉਤੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਬਿਆਨ ਪਾਕਿਸਤਾਨ ਅਤੇ ਕਸ਼ਮੀਰ ਬਾਰੇ ਭਾਰਤ ਅਤੇ ਕਾਂਗਰਸ ਪਾਰਟੀ ਦੀ ਪੁਜੀਸ਼ਨ ਦੇ ਬਿਲਕੁਲ ਉਲਟ ਜਾਂਦੇ ਹਨ। ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਆਪਣੇ ਸਲਾਹਕਾਰਾਂ ਵੱਲੋਂ ਭਾਰਤ ਦੇ ਹਿੱਤਾਂ ਨੂੰ ਹੋਰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਉਨ੍ਹਾਂ ਉਤੇ ਲਗਾਮ ਲਾਉਣ ਲਈ ਕਿਹਾ।
ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ:ਕੈਪਟਨ
ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਸੀ ਅਤੇ ਹੁਣ ਵੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਮਾਲੀ ਨੇ ਪਾਕਿਸਤਾਨ ਦੀ ਹਾਂ ਵਿੱਚ ਹਾਂ ਮਿਲਾਉਣ ਵਾਲਾ ਬਿਆਨ ਦਿੱਤਾ ਹੈ ਜੋ ਕਿ ਪੂਰੀ ਤਰ੍ਹਾਂ ਦੇਸ਼ ਵਿਰੋਧੀ ਹੈ। ਉਨ੍ਹਾਂ ਮਾਲੀ ਦੀ ਨਿੰਦਾ ਕਰਦਿਆਂ ਕਿਹਾ ਕਿ ਨਾ ਸਿਰਫ ਹੋਰ ਪਾਰਟੀਆਂ ਸਗੋਂ ਕਾਂਗਰਸ ਵਲੋਂ ਵੀ ਵਿਆਪਕ ਰੂਪ ਵਿੱਚ ਨਿੰਦੇ ਕੀਤੇ ਜਾਣ ਦੇ ਬਾਵਜੂਦ ਮਾਲੀ ਨੇ ਆਪਣਾ ਬਿਆਨ ਵਾਪਸ ਨਹੀਂ ਲਿਆ।
ਗਰਗ ਵਲੋਂ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਦੀ ਪਾਕਿਸਤਾਨ ਦੀ ਆਲੋਚਨਾ ਵਾਲੀ ਟਿੱਪਣੀ ਨੂੰ ਪੰਜਾਬ ਦੇ ਹਿੱਤ ਵਿੱਚ ਨਾ ਦੱਸੇ ਜਾਣ ਵਾਲੇ ਬਿਆਨ ਉਤੇ ਵਿਅੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਦੇ ਸਲਾਹਕਾਰ ਜ਼ਮੀਨੀ ਹਕੀਕਤ ਤੋਂ ਬਹੁਤ ਦੂਰ ਹਨ। ਉਨ੍ਹਾਂ ਕਿਹਾ ਕਿ ਇਹ ਸੱਚ ਨਾ ਸਿਰਫ ਹਰ ਪੰਜਾਬੀ ਬਲਕਿ ਹਰ ਭਾਰਤੀ ਜਾਣਦਾ ਹੈ ਕਿ ਪਾਕਿਸਤਾਨ ਸਾਡੇ ਲਈ ਹਮੇਸ਼ਾ ਖ਼ਤਰਾ ਰਿਹਾ ਹੈ। ਹਰ ਰੋਜ਼ ਉਹ ਸਾਡੇ ਸੂਬੇ ਅਤੇ ਦੇਸ਼ ਵਿੱਚ ਉਥਲ-ਪੁਥਲ ਜਾਂ ਅਸਥਿਰਤਾ ਫੈਲਾਉਣ ਲਈ ਡਰੋਨ ਰਾਹੀਂ ਹਥਿਆਰ ਅਤੇ ਨਸ਼ੇ ਭੇਜਣ ਵਰਗੀਆਂ ਕੋਝੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। ਮੁੱਖ ਮੰਤਰੀ ਨੇ ਗਰਗ ਦੀ ਟਿੱਪਣੀ ਨੂੰ ਤਰਕਹੀਣ ਅਤੇ ਨਾ-ਵਾਜਿਬ ਕਰਾਰ ਦਿੰਦਿਆਂ ਕਿਹਾ ਕਿ ਪੰਜਾਬੀ ਫੌਜੀ ਸਰਹੱਦਾਂ ‘ਤੇ ਪਾਕਿਸਤਾਨ ਸਮਰਥਨ ਵਾਲੀਆਂ ਤਾਕਤਾਂ ਦੇ ਹੱਥੋਂ ਜਾਨਾਂ ਗਵਾ ਰਹੇ ਹਨ।
ਪੰਜਾਬੀਆਂ ਦੀ ਕੁਰਬਾਨੀ ਨੂੰ ਹਲਕੇ ‘ਚ ਨਾ ਲਓ-ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਨੇ ਗਰਗ ਜੋ ਰਾਜਨੀਤੀ ਤੋਂ ਪ੍ਰੇਰਿਤ ਭੜਕਾਓ ਤੇ ਗ਼ੈਰ ਜ਼ਿੰਮੇਵਾਰਨਾ ਖੁੱਲ੍ਹੇਆਮ ਬਿਆਨ ਦੇ ਰਹੇ ਹਨ, ਨੂੰ ਪੰਜਾਬੀਆਂ ਦੀ ਕੁਰਬਾਨੀ ਨੂੰ ਹਲਕੇ ਵਿੱਚ ਨਾ ਲੈਣ ਦੀ ਅਪੀਲ ਕਰਦਿਆਂ ਕਿਹਾ, “ਗਰਗ ਸ਼ਾਇਦ ਭੁੱਲ ਗਏ ਹਨ ਕਿ ਅੱਸੀਵਿਆਂ ਤੇ ਨੱਬਵਿਆਂ ਵਿੱਚ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅਤਿਵਾਦੀਆਂ ਹੱਥੋਂ ਹਜ਼ਾਰਾਂ ਪੰਜਾਬੀਆਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ, ਪਰ ਨਾ ਨਹੀਂ ਮੈਂ ਭੁੱਲਿਆ ਅਤੇ ਨਾ ਹੀ ਪੰਜਾਬ ਦੇ ਲੋਕ ਭੁੱਲੇ ਹਨ।ਪਾਕਿਸਤਾਨ ਦੇ ਖ਼ਤਰਨਾਕ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਅਸੀਂ ਆਪਣੀ ਲੜਾਈ ਜਾਰੀ ਰੱਖਦੇ ਹੋਏ ਹਰ ਹੀਲਾ ਵਰਤਾਂਗੇ।”
ਇਹ ਵੀ ਪੜ੍ਹੋ:ਪਾਕਿਸਤਾਨ ਵਿੱਚ ਸ਼ਿਆ ਸਮਾਜ ਦੇ ਧਾਰਮਿਕ ਜਲੂਸ ਦੌਰਾਨ ਧਮਾਕਾ