ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤੰਜ ਮਾਰਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਅੰਦੋਲਨ ਨੂੰ ਕੌਮੀ ਸੁਰੱਖਿਆ ਲਈ ਖ਼ਤਰਾ ਦੱਸ ਕੇ ਸੰਘਰਸ਼ ਨੂੰ ਖਰਾਬ ਕਰਨ ਦਾ ਖਤਰਨਾਕ ਯਤਨ ਕਰਨਾ ਬੰਦ ਕਰ ਦੇਣ।
ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਿੱਚ ਇੰਦਰਾ ਗਾਂਧੀ ਦੀ ਭਾਵਨਾ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਸਮੇਂ ਦੀ ਕਾਂਗਰਸੀ ਸਰਕਾਰ ਨੇ ਸ਼ਾਂਤੀਪੂਰਵਕ ਰੋਸ ਵਿਖਾਵਾ ਕਰਨ ਵਾਲੇ ਅਕਾਲੀਆਂ ਨੂੰ ਵੱਖਵਾਦੀ, ਅਤਿਵਾਦੀ ਦੱਸ ਕੇ ਬਦਨਾਮ ਕਰਨ ਦਾ ਯਤਨ ਕੀਤਾ ਸੀ।
ਅਕਾਲੀ ਪ੍ਰਧਾਨ ਨੇ ਮੁੱਖ ਮੰਤਰੀ 'ਤੇ ਸਵਾਲ ਖੜ੍ਹਾ ਕੀਤਾ ਕਿ ਉਹ ਲੋਕਾਂ ਨੂੰ ਦੱਸਣ ਕਿ ਕਿਸ ਖੁਫੀਆ ਰਿਪੋਰਟ ਦੇ ਆਧਾਰ ’ਤੇ ਉਹ ਅਚਨਚੇਤ ਜਾਗ ਉਠੇ ਹਨ ਅਤੇ ਉਨ੍ਹਾਂ ਨੂੰ ਕਿਸਾਨਾਂ ਦਾ ਅੰਦੋਲਨ ਕੌਮੀ ਸੁਰੱਖਿਆ ਲਈ ਖ਼ਤਰਾ ਦਿਖਣ ਲੱਗ ਪਿਆ ਹੈ ਅਤੇ ਉਹ ਵੀ ਉਸ ਵੇਲੇ ਜਦੋਂ ਕਿਸਾਨ ਇਸ ਅਹਿਮ ਪੜਾਅ ’ਤੇ ਆਪਣੀ ਜ਼ਿੰਦਗੀ 'ਤੇ ਮੌਤ ਦੀ ਲੜਾਈ ਲੜ ਰਹੇ ਹਨ।
ਇੱਕ ਬਿਆਨ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿ ਅਮਰਿੰਦਰ ਸਿੰਘ ਸਪਸ਼ਟ ਤੌਰ ’ਤੇ ਕਿਸੇ ਹੋਰ ਦੇ ਇਸ਼ਾਰਿਆਂ ’ਤੇ ਨੱਚਕੇ ਕਿਸਾਨਾਂ ਨੂੰ ਕੌਮੀ ਸੁਰੱਖਿਆ ਲਈ ਖ਼ਤਰਾ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੌਮੀ ਸੁਰੱਖਿਆ ਲਈ ਚੇਤਾਵਨੀ ਤਾਕਤਵਰ ਕੇਂਦਰੀ ਮੰਤਰੀ ਨਾਲ ਹੋਈ ਸ਼ੱਕੀ ਮੀਟਿੰਗ ਤੋਂ ਬਾਅਦ ਸਾਹਮਣੇ ਆਈ ਹੈ। ਉਨ੍ਹਾਂ ਪੁੱਛਿਆ ਕਿ ਕੀ ਉਹ ਸਮਝਦੇ ਹਨ ਕਿ ਕਿਸਾਨ ਅਤੇ ਦੇਸ਼ ਦੇ ਹੋਰ ਲੋਕ ਉਨ੍ਹਾਂ ਖਿਲਾਫ ਉਨ੍ਹਾਂ ਦੀ ਸਾਜ਼ਿਸ਼ੀ ਭੂਮਿਕਾ ਨੂੰ ਨਹੀਂ ਸਮਝ ਸਕਦੇ।
ਬਾਦਲ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੇ ਵਾਜਬ ਖ਼ਦਸ਼ੇ ਅਤੇ ਸ਼ਿਕਾਇਤਾਂ ਦੂਰ ਕਰਨ ਲਈ ਕਹਿਣ ਦੀ ਬਜਾਏ ਕੈਪਟਨ ਨੇ ਗਰੀਬ ਕਿਸਾਨਾਂ ਨੂੰ ਆਪਣਾ ਸ਼ਾਂਤੀਪੂਰਵਕ ਏਤੇ ਲੋਕਤੰਤਰੀ ਸੰਘਰਸ਼ ਜਾਰੀ ਰੱਖਣ ਵਿਰੁੱਧ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸੇ ਸਮੇਂ ਉਨ੍ਹਾਂ ਨੇ ਸਾਰੇ ਮੁਲਕ ਨੂੰ ਕਿਸਾਨਾਂ ਦੇ ਸੰਘਰਸ਼ ਖਿਲਾਫ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੀ ਵਰਤੋਂ ਕਰ ਕੇ ਕਿਸਾਨਾਂ ਦੇ ਸੰਘਰਸ਼ ਨੁੰ ਕਮਜ਼ੋਰ ਕਰਨ ਦੇ ਯਤਨ ਦਾ ਇੱਕ ਹਿੱਸਾ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੀ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਭੁਮਿਕਾ ਦੀ ਇੱਕ ਤਰਤੀਬ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬੀਆਂ ਲਈ ਆਮ ਤੌਰ ’ਤੇ ਤੇ ਸਿੱਖਾਂ ਲਈ ਖਾਸ ਤੌਰ ’ਤੇ ਕੁਝ ਚੰਗਾ ਹੁੰਦਾ ਹੋਵੇ ਤਾਂ ਕੈਪਟਨ ਇਕਦਮ ਹੀ ਬੇਚੈਨ ਹੋ ਉਠਦੇ ਹਨ ਅਤੇ ਕੌਮੀ ਸੁਰੱਖਿਆ ਦਾ ਪੱਤਾ ਖੇਡ ਕੇ ਇਸਨੂੰ ਖਰਾਬ ਕਰਨ ਦਾ ਯਤਨ ਕਰਦੇ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਨੇ ਪਹਿਲਾਂ ਵੀ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਮਾਮਲੇ ’ਤੇ ਅਜਿਹਾ ਕਰਨ ਦਾ ਯਤਨ ਕੀਤਾ ਸੀ। ਚੰਗੇ ਭਾਗਾਂ ਨੁੰ ਗੁਰੂ ਸਾਹਿਬਾਨ ਨੇ ਉਨ੍ਹਾਂ ਦੀਆਂ ਸਾਜ਼ਿਸ਼ਾਂ ਸਫਲ ਨਹੀਂ ਹੋਣ ਦਿੱਤੀਆਂ। ਹੁਣ ਵੀ ਉਹ ਗਰੀਬ ਅਤੇ ਕਮਜੋਰ ਕਿਸਾਨਾਂ ਦੀ ਮਦਦ ਲਈ ਗੁਰੂ ਸਾਹਿਬਾਨ ਦੇ ਸੰਦੇਸ਼ ਦੇ ਉਲਟ ਭੱਜ ਰਹੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿਸਾਨ ਆਪਣਾ ਸੰਘਰਸ਼ ਦਿੱਲੀ ਲਿਜਾਣ ਤੋਂ ਪਹਿਲਾਂ ਮਹੀਨਿਆਂ ਬੱਧੀ ਪੰਜਾਬ ਵਿੱਚ ਹੀ ਸੰਘਰਸ਼ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹੀਨਿਆਂ ਦੌਰਾਨ ਕਦੇ ਵੀ ਕਿਸਾਨਾਂ ਨੇ ਇੱਕ ਗਮਲਾ ਤੱਕ ਨਹੀਂ ਤੋੜਿਆ ਅਤੇ ਨਾ ਹੀ ਉਨ੍ਹਾਂ ਦੇ ਅੰਦੋਲਨ ਕਾਰਨ ਸੁਰੱਖਿਆ ਲਈ ਕੋਈ ਖ਼ਤਰਾ ਖੜ੍ਹਾ ਹੋਇਆ।
ਸੁਖਬੀਰ ਬਾਦਲ ਨੇ ਕਿਹਾ ਕਿ ਇਸ ਤੋਂ ਉਲਟ ਕਿਸਾਨ ਬਹੁਤ ਹੀ ਨੇਕ ਅਤੇ ਚੰਗੀ ਉਦਾਹਰਣ ਪੇਸ਼ ਕਰ ਰਹੇ ਹਨ ਅਤੇ ਉਨ੍ਹਾਂ ਨੇ ਦਮਨਕਾਰੀ ਪੁਲਿਸ ਹਮਲਿਆਂ ਦਾ ਦਲੇਰੀ ਨਾਲ ਸਾਹਮਣਾ ਕਰਦਿਆਂ ਵੀ ਆਪ ਬਹੁਤ ਹੀ ਸ਼ਲਾਘਾਯੋਗ ਸੰਜਮ ਵਰਤਿਆ ਹੈ ਅਤੇ ਦਰਿਆਦਿਲੀ ਵਿਖਾਈ ਹੈ।