ਚੰਡੀਗੜ੍ਹ: ਆਪਣੀ ਮਰਜੀ ਕਰਨ ਲਈ ਜਾਣੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਨੇ ਖੁੱਲ੍ਹਾ ਐਲਾਨ ਕੀਤਾ ਹੈ ਕਿ ਉਹ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨ ਦੇਣਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਦੇਸ਼ ਨੂੰ ਅਜਿਹੇ ਖਤਰਨਾਕ ਵਿਅਕਤੀ ਤੋਂ ਬਚਾਉਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹਨ। ਇਹ ਐਲਾਨ ਕੈਪਟਨ ਅਮਰਿੰਦਰ ਸਿੰਘ ਦੇ ਦਫਤਰੋਂ ਅਧਿਕਾਰਕ ਤੌਰ ‘ਤੇ ਹੋਇਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਸੁਪਰ ਸੀਐਮ ਦੀ ਤਰ੍ਹਾਂ ਵਰਤਾਰਾ ਕਰਦੇ ਰਹੇ ਤਾਂ ਪੰਜਾਬ ਕਾਂਗਰਸ ਦਾ ਕੰਮਕਾਜ ਨਹੀਂ ਚੱਲ ਸਕੇਗਾ। ਉਨ੍ਹਾਂ ਸਿੱਧੂ ਨੂੰ ਡਰਾਮਾ ਮਾਸਟਰ ਦੱਸਦਿਆਂ ਕਿਹਾ ਕਿ ਜੇਕਰ ਸਿੱਧੂ ਦੀ ਅਗਵਾਈ ਵਿੱਚ ਚੋਣ ਲੜੀ ਜਾਂਦੀ ਹੈ ਤਾਂ ਪੰਜਾਬ ਵਿੱਚ ਕਾਂਗਰਸ ਲਈ ਦਹਾਈ ਦੇ ਅੰਕੜੇ ਤੱਕ ਪੁੱਜਣਾ ਬਹੁਤ ਵੱਡੀ ਗੱਲ ਹੋਵੇਗੀ।
ਕੈਪਟਨ ਨੇ ਇਥੋਂ ਤੱਕ ਕਿਹਾ ਹੈ ਕਿ ਪ੍ਰਿਅੰਕਾ ਤੇ ਰਾਹੁਲ ਉਨ੍ਹਾਂ ਦੇ ਬੱਚੇ ਹਨ ਤੇ ਇਹ ਸਾਰਾ ਕੁਝ ਇਸ ਤਰ੍ਹਾਂ ਖ਼ਤਮ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਮੈਨੂੰ ਦਿਲੀ ਸੱਟ ਵੱਜੀ ਹੈ। ਕੈਪਟਨ ਦੇ ਦਫਤਰ ਤੋਂ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਹੈ ਕਿ ਗਾਂਧੀ ਪਰਿਵਾਰ ਦੇ ਇਹ ਬੱਚੇ ਅਜੇ ਗੈਰ ਤਜਰਬਾਕਾਰੀ ਹਨ ਤੇ ਉਨ੍ਹਾਂ ਦੇ ਸਲਾਹਕਾਰ ਸਿੱਧੇ ਤੌਰ ‘ਤੇ ਉਨ੍ਹਾਂ ਨੂੰ ਗੁਮਰਾਹ ਕਰ ਰਹੇ ਹਨ।
ਕੈਪਟਨ ਨੇ ਪੱਤੇ ਖੋਲ੍ਹਦਿਆਂ ਕਿਹਾ ਕਿ ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਤਿੰਨ ਹਫ਼ਤੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਅਸਤੀਫਾ ਦੇ ਦੇਣਗੇ ਪਰ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣੇ ਰਹਿਣ ਲਈ ਕਿਹਾ ਸੀ। ਕੈਪਟਨ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਮੈਨੂੰ ਬੁਲਾਇਆ ਹੁੰਦਾ ਤੇ ਕੁਰਸੀ ਛੱਡਣ ਲਈ ਕਿਹਾ ਹੁੰਦਾ ਤਾਂ ਮੈਂ ਕੁਰਸੀ ਛੱਡ ਦਿੰਦਾ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਮੈਂ ਆਪਣਾ ਕੰਮ ਕਿਵੇਂ ਕਰਨਾ ਹੈ ਤੇ ਇੱਕ ਵਾਰ ਛੱਡਣ ਤੋਂ ਬਾਅਦ ਕਿਵੇਂ ਵਾਪਸੀ ਕਰਨੀ ਹੈ।
ਜਿਕਰਯੋਗ ਹੈ ਕਿ ਅਸਤੀਫਾ ਦੇਣ ਉਪਰੰਤ ਇੱਕ ਚੈਨਲ ਨੂੰ ਇੰਟਰਵਿਊ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਸੋਨੀਆ ਗਾਂਧੀ ਦੇ ਕਿਸੇ ਨੇ ਕੰਨ ਭਰੇ ਹਨ। ਉਨ੍ਹਾਂ ਕਿਹਾ ਸੀ ਕਿ ਜੇਕਰ ਕਿਸੇ ਨੂੰ ਵਾਰ-ਵਾਰ ਇੱਕੋ ਗੱਲ ਸੁਣਾਈ ਜਾਵੇ ਜਾਂ ਇਹ ਕਹਿ ਲਵੋ ਕਿ ਕਿਸੇ ਦੇ ਵਾਰ-ਵਾਰ ਕੰਨ ਭਰੇ ਜਾਣ ਤਾਂ ਇੱਕ ਵਾਰ ਉਹ ਵਿਅਕਤੀ ਸੋਚਣ ਲਈ ਮਜਬੂਰ ਹੋ ਜਾਂਦਾ ਹੈ। ਕੈਪਟਨ ਨੇ ਕਿਹਾ ਸੀ ਕਿ ਇਹ ਕੁਝ ਬਦਮਾਸ਼ਾਂ ਦਾ ਕਾਰਾ ਹੈ, ਜਿਹੜਾ ਉਨ੍ਹਾਂ ਵਾਰ-ਵਾਰ ਪਾਰਟੀ ਹਾਈਕਮਾਂਡ ਕੋਲ ਜਾ ਕੇ ਕੰਨ ਭਰੇ ਤੇ ਆਖਰ ਹਸ਼ਰ ਇਹ ਹੋਇਆ ਕਿ ਉਨ੍ਹਾਂ ਨੂੰ ਅਹੁਦਾ ਛੱਡਣਾ ਪਿਆ। ਉਨ੍ਹਾਂ ਕਿਹਾ ਸੀ ਕਿ ਉਹ ਪਾਰਟੀ ਹਾਈਕਮਾਂਡ ਨੂੰ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਾਉਣਾ ਵੱਡੀ ਗਲਤੀ ਹੋਵੇਗੀ।
ਉਨ੍ਹਾਂ ਉਸ ਇੰਟਰਵਿਊ ਵਿੱਚ ਵੀ ਕਿਹਾ ਸੀ ਕਿ ਉਨ੍ਹਾਂ ਨੇ ਭਵਿੱਖ ਵਿੱਚ ਚੋਣ ਨਾ ਲੜਨ ਦਾ ਜੋ ਫੈਸਲਾ ਲਿਆ ਸੀ, ਉਹ ਹੁਣ ਤਿਆਗ ਰਹੇ ਹਨ ਤੇ ਹੁਣ ਉਹ ਚੋਣ ਜਰੂਰ ਲੜਨਗੇ। ਕੈਪਟਨ ਨੇ ਕਿਹਾ ਸੀ ਕਿ ਪੰਜਾਬ ਉਨ੍ਹਾਂ ਦੇ ਨਾਲ ਹੈ ਤੇ ਨਾਲ ਹੀ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਸੀ ਕਿ ਉਹ ਤਗੜੇ ਹੋਣ ਤੇ ਲੜਾਈ ਵਿੱਚ ਉਨ੍ਹਾਂ ਦਾ ਸਾਥ ਦੇਣ।
ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਟਵੀਟ ਕੀਤਾ ਕਿ, 'ਕੇਸੀ ਵੇਣੂਗੋਪਾਲ, ਅਜੇ ਮਾਕਨ ਜਾਂ ਸੁਰਜੇਵਾਲਾ ਕਿਵੇਂ ਫੈਸਲਾ ਕਰ ਸਕਦੇ ਹਨ ਕਿ ਕਿਹੜਾ ਵਿਅਕਤੀ ਕਿਸ ਮੰਤਰਾਲੇ ਲਈ ਸਹੀ ਹੈ। ਜਦੋਂ ਮੈਂ ਸੀਐਮ ਸੀ, ਮੈਂ ਆਪਣੇ ਮੰਤਰੀਆਂ ਨੂੰ ਉਨ੍ਹਾਂ ਦੀ ਜਾਤੀ ਦੇ ਅਧਾਰ 'ਤੇ ਨਹੀਂ, ਬਲਕਿ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਦੇ ਅਧਾਰ 'ਤੇ ਨਿਯੁਕਤ ਕੀਤਾ ਸੀ। ਉਨ੍ਹਾਂ ਨੇ ਅਗਲੇ ਟਵੀਟ ਵਿੱਚ ਲਿਖਿਆ, 'ਉਨ੍ਹਾਂ (ਸਿੱਧੂ ਅਤੇ ਹੋਰ ਵਿਧਾਇਕਾਂ) ਨੇ ਮੇਰੇ ਵਿਰੁੱਧ ਸ਼ਿਕਾਇਤ ਕੀਤੀ ਸੀ ਕਿ ਮੈਂ ਬਾਦਲ ਪਰਿਵਾਰ ਅਤੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਮਨਮਾਨੀ ਕਾਰਵਾਈ ਨਹੀਂ ਕੀਤੀ। ਹੁਣ ਉਹ ਲੋਕ ਸੱਤਾ ਵਿੱਚ ਹਨ, ਜੇ ਉਹ ਕਰ ਸਕਦੇ ਹਨ ਤਾਂ ਅਕਾਲੀ ਦਲ ਦੇ ਲੀਡਰਾਂ ਨੂੰ ਜੇਲ੍ਹਾਂ 'ਚ ਡੱਕ ਕੇ ਦਿਖਾਉਣ।