ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਅੱਜ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਜੁਮਲੇਬਾਜ਼’ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਪ੍ਰਮੁੱਖ ਸਲਾਹਕਾਰ ਨਿਯੁਕਤ ਕਰਕੇ ਪੰਜਾਬੀਆਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ। ਪਾਰਟੀ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਕਾਂਗਰਸ ਪਾਰਟੀ ਹੁਣ ਲੋਕਾਂ ਨੂੰ ਫਿਰ ਤੋਂ ਮੂਰਖ ਬਣਾਉਣ ਵਾਸਤੇ ਮੁੜ ਝੂਠ ਦੇ ਪੁਲੰਦਿਆਂ ’ਤੇ ਨਿਰਭਰ ਕਰ ਰਹੀ ਹੈ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇੱਕ ਮਿੰਟ ਲਈ ਉਨ੍ਹਾਂ 1500 ਕਿਸਾਨਾਂ ਬਾਰੇ ਸੋਚਣਾ ਚਾਹੀਦਾ ਹੈ ਜਿਨ੍ਹਾਂ ਨੇ ਗੁਟਕਾ ਸਾਹਿਬ ਦੇ ਦਸ਼ਮ ਪਿਤਾ ਦੀ ਸਹੁੰ ਦੇ ਨਾਂ ’ਤੇ ਪ੍ਰਸ਼ਾਂਤ ਕਿਸ਼ੋਰ ਨੇ ਉਨ੍ਹਾਂ ਨੂੰ ਵੇਚੇ ਗਏ ਪੂਰਨ ਕਰਜ਼ਾ ਮੁਆਫੀ ਦੇ ‘ਜੁਮਲੇ’ ਕਰ ਕੇ ਆਤਮ ਹੱਤਿਆ ਕੀਤੀ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਐਲਾਨ ਨਾਲ ਰਾਜਨੀਤੀ ਨੂੰ ਇੱਕ ਨਵੇਂ ਨਿਵਾਣ ਵੱਲ ਧੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਹੋਰ ਵੀ ਕੁੜਤਣ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਬੜੇ ਚਾਅ ਨਾਲ ਇਹ ਐਲਾਨ ਕਰ ਰਹੇ ਹਨ ਕਿ ਉਹ ਪੰਜਾਬ ਦੇ ਲੋਕਾਂ ਦੇ ਭਲੇ ਲਈ ਕਿਸ਼ੋਰ ਨਾਲ ਰਲ ਕੇ ਕੰਮ ਕਰਨ ਵੱਲ ਵੇਖਦੇ ਹਨ।