ਚੰਡੀਗੜ੍ਹ: ਕਬਰਸਤਾਨ ਲਈ ਜ਼ਮੀਨ ਦੇਣ ਖ਼ਾਤਰ ਇਸਾਈ ਭਾਈਚਾਰੇ ਦੀ ਮੰਗ 'ਤੇ ਕਾਰਵਾਈ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਸੂਬਾ ਭਰ ਵਿੱਚ ਭਾਈਚਾਰੇ ਨੂੰ ਕਬਰਸਤਾਨ ਲਈ ਲੋੜੀਂਦੀ ਥਾਂ ਮੁਹੱਈਆ ਕਰਵਾਉਣ ਲਈ ਤੁਰੰਤ ਸ਼ਾਮਲਾਟ ਵਾਲੀ ਜ਼ਮੀਨ ਦੀ ਸ਼ਨਾਖ਼ਤ ਕਰਨ ਦੇ ਹੁਕਮ ਦਿੱਤੇ ਹਨ।
ਇਸਾਈ ਭਲਾਈ ਬੋਰਡ, ਪੰਜਾਬ ਦੇ ਚੇਅਰਮੈਨ ਸਲਾਮਤ ਮਸੀਹ ਦੀ ਅਗਵਾਈ ਵਿੱਚ ਉੱਚ ਪੱਧਰੀ ਵਫ਼ਦ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਇਸਾਈ ਭਾਈਚਾਰੇ ਨੂੰ ਕਬਰਸਤਾਨ ਲਈ ਢੁਕਵੀਂ ਜ਼ਮੀਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਨੂੰ ਛੇਤੀ ਤੋਂ ਛੇਤੀ ਅਮਲੀ ਰੂਪ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਕਬੱਡੀ ਖਿਡਾਰੀਆਂ ਦੇ ਪਾਕਿਸਤਾਨ ਜਾਣ ਦੀ ਗੰਭੀਰਤਾ ਨਾਲ ਜਾਂਚ ਕਰਵਾਉਣ ਅਮਿਤ ਸ਼ਾਹ: ਜਾਖੜ
ਇਸਾਈ ਭਾਈਚਾਰੇ ਦੀਆਂ ਭਾਵਨਾਵਾਂ ਦੇ ਸਤਿਕਾਰ ਵਜੋਂ ਇਤਿਹਾਸਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ, ਬਟਾਲਾ ਤੋਂ ਨਿਕਲਣ ਵਾਲੀ ਪ੍ਰਸਤਾਵਿਤ ਨਵੀਂ ਸੜਕ ਇਸ ਦੇ ਵਿਰਾਸਤੀ ਢਾਂਚੇ ਨਾਲ ਛੇੜਛਾੜ ਕੀਤੇ ਬਿਨ੍ਹਾਂ ਬਣਾਉਣ ਲਈ ਮੁੱਖ ਮੰਤਰੀ ਵੱਲੋਂ ਦਿੱਤੇ ਨਿੱਜੀ ਦਖ਼ਲ ਲਈ ਵਫ਼ਦ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
ਮੁੱਖ ਮੰਤਰੀ ਨੇ ਇਸਾਈ ਭਾਈਚਾਰੇ ਦੇ ਸਰਬਪੱਖੀ ਭਲਾਈ ਲਈ ਫੰਡਾਂ ਦੀ ਵੰਡ ਤੋਂ ਇਲਾਵਾ ਹੋਰ ਜਾਇਜ਼ ਮੰਗਾਂ 'ਤੇ ਗੌਰ ਕਰਨ ਅਤੇ ਬੋਰਡ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਤਾਂ ਕਿ ਭਾਈਚਾਰੇ ਦੀਆਂ ਇਛਾਵਾਂ ਮੁਤਾਬਕ ਕੰਮਕਾਜ ਨੂੰ ਯਕੀਨੀ ਬਣਾਇਆ ਜਾ ਸਕੇ।