ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਭਲਕੇ (ਬੁੱਧਵਾਰ) ਨੂੰ ਪ੍ਰੈਸ ਕਾਨਫਰੰਸ ਕਰਨਗੇ। ਇਹ ਜਾਣਕਾਰੀ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਦਿੱਤੀ।
ਰਵੀਨ ਠੁਕਰਾਲ ਨੇ ਟਵੀਟ ਕਰਦਿਆਂ ਲਿਖਿਆ:
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ (ਬੁੱਧਵਾਰ, 27 ਅਕਤੂਬਰ) ਨੂੰ ਸਵੇਰੇ 11 ਵਜੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਨਗੇ। ਇਸਦਾ ਉਨ੍ਹਾਂ ਦੇ ਫੇਸਬੁੱਕ ਪੇਜ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਟਿਉਨ ਇਨ ਕਰਨਾ।
ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕੈਪਟਨ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ। ਪੰਜਾਬ ਕਾਂਗਰਸ 'ਚ ਲੰਬੇ ਸਮੇਂ ਤੋਂ ਚੱਲ ਰਹੇ ਕਾਟੋ ਕਲੇਸ਼ ਤੋਂ ਬਾਅਦ 18 ਸਤੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਕੁਝ ਦਿਨਾਂ ਬਾਅਦ 30 ਸਤੰਬਰ ਨੂੰ ਕਾਂਗਰਸ ਪਾਰਟੀ ਵੀ ਛੱਡ ਦਿੱਤੀ ਸੀ।
ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ
ਪੰਜਾਬ ਕਾਂਗਰਸ ’ਚ ਚੱਲ ਰਹੇ ਕਾਟੋ ਕਲੇਸ਼ ਨੂੰ ਖਤਮ ਕਰਨ ਲਈ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਸੀ, ਜਿਵੇਂ ਹੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਉਸ ਤੋਂ ਬਾਅਦ ਇਹ ਕਲੇਸ਼ ਹੋਰ ਵਧ ਗਿਆ। ਨਾਲ ਹੀ ਪੰਜਾਬ ਕਾਂਗਰਸ ’ਚ ਦੋ ਧੜੇ ਬਣ ਗਏ ਇੱਕ ਸਿੱਧੂ ਧੜਾ ਦੂਜਾ ਕੈਪਟਨ ਧੜਾ। ਇਸ ਕਾਟੋ ਕਲੇਸ਼ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਨ੍ਹਾਂ ਦੇ ਨਾਲ ਹੀ ਉਨ੍ਹਾਂ ਦੀ ਪੂਰੀ ਕੈਬਨਿਟ ਨੇ ਅਸਤੀਫਾ ਦੇ ਦਿੱਤਾ ਸੀ।
ਅਸਤੀਫ਼ਾ ਦੇਣ ਤੋ ਬਾਅਦ ਕੀ ਬੋਲੇ ਕੈਪਟਨ?
ਕੈਪਟਨ ਨੇ ਕਿਹਾ ਮੇਰਾ ਅਪਮਾਨ ਹੋਇਆ ਇਸ ਲਈ ਅਸਤੀਫਾ ਦਿੱਤਾ ਨਾਲ ਹੀ ਕਿਹਾ ਮੈਂ ਕਾਗਰਸ 'ਚ ਹਾਂ ਨਾਲ ਹੀ ਕਿਹਾ ਕਿ ਮੈਂ ਅਸਤੀਫੇ ਬਾਰੇ ਦੱਸ ਦਿੱਤਾ ਨਾਲ ਹੀ ਕਿਹਾ ਮੇਰੇ ਸਾਥੀ ਹਨ ਓਹਨਾਂ ਨਾਲ ਗਤਲ ਕਰਕੇ ਅਗਲਾ ਫੈਲਲਾ ਲਵਾਂਗਾ ਜਦੋ ਬੀਜੇਪੀ ਜਾਣ ਬਾਰੇ ਕੈਪਟਨ ਤੋਂ ਪੁਛਿਆ ਗਿਆ ਤਾਂ ਕੈਪਟਨ ਨੇ ਚੁੱਪੀ ਧਾਰ ਲਈ।
ਅਸਤੀਫੇ ਤੋਂ ਬਾਅਦ ਕੈਪਟਨ ਦਾ ਦਿੱਲੀ ਦੌਰਾ
ਆਪਣੇ ਅਸਤੀਫੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤਿੰਨ ਦਿਨੀਂ ਦੌਰੇ ’ਤੇ ਦਿੱਲੀ ਗਏ। ਜਿਸ ਤੋਂ ਬਾਅਦ ਸਿਆਸੀ ਗਲੀਆਰੇ ’ਚ ਇਹ ਚਰਚਾ ਛਿੜ ਗਈਆਂ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਚ ਸ਼ਾਮਲ ਹੋ ਸਕਦੇ ਹਨ। ਪਰ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹ ਨਾਲ ਹੋਈ ਮੁਲਾਕਾਤ ਤੋਂ ਬਾਅਦ ਟਵੀਟ ਕਰਦੇ ਹੋਏ ਦੱਸਿਆ ਕਿ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੇ ਖੇਤੀਬਾੜੀ ਕਾਨੂੰਨਾਂ ਕਾਰਨ ਪੈਦਾ ਹੋਏ ਅੜਿੱਕੇ ਬਾਰੇ ਗੱਲ ਕੀਤੀ।
ਮੁਲਾਕਾਤਾਂ ਦੇ ਦੌਰ ਤੋਂ ਬਾਅਦ ਕੈਪਟਨ ਨੇ ਛੱਡੀ ਕਾਂਗਰਸ
ਕਾਬਿਲੇਗੌਰ ਹੈ ਕਿ ਸ਼ਾਹ ਦੇ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡ ਦਿੱਤੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਛੱਡ ਰਹੇ ਹਨ ਕਿਉਂਕਿ ਹੁਣ ਅਪਮਾਨ ਸਹਿਨ ਨਹੀਂ ਹੋ ਰਿਹੈ। ਇਸ ਦੇ ਨਾਲ ਹੀ ਭਾਜਪਾ 'ਚ ਜਾਣ ਦੀਆਂ ਖ਼ਬਰਾਂ ਨੂੰ ਵੀ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਅਜੇ ਵੀ ਪੰਜਾਬ ਦੇ ਹਿੱਤ ਵਿੱਚ ਆਪਣੇ ਵਿਕਲਪਾਂ ਬਾਰੇ ਸੋਚ ਰਹੇ ਸਨ, ਜਿਨ੍ਹਾਂ ਦੀ ਸੁਰੱਖਿਆ ਉਨ੍ਹਾਂ ਲਈ ਮੁੱਖ ਤਰਜੀਹ ਸੀ। ਉਨ੍ਹਾਂ ਸੀਨੀਅਰ ਕਾਂਗਰਸੀਆਂ ਨੂੰ ਪਾਰਟੀ ਦੇ ਭਵਿੱਖ ਲਈ ਚੰਗੇ ਚਿੰਤਕ ਦੱਸਿਆ ਤੇ ਕਿਹਾ ਕਿ ਉਨ੍ਹਾਂ ਵੱਲੋਂ ਬਣਾਈਆਂ ਨੀਤੀਆਂ ਨੂੰ ਲਾਗੂ ਕਰਨ ਲਈ ਨੌਜਵਾਨ ਲੀਡਰਸ਼ਿੱਪ ਨੂੰ ਉਤਸਾਹਤ ਕਰਨਾ ਚਾਹੀਦਾ ਹੈ ਪਰ ਸੀਨੀਅਰ ਆਗੂਆਂ ਨੂੰ ਖੁੱਡੇ ਲਾਈਨ ਲਗਾ ਦਿੱਤਾ ਗਿਆ ਹੈ।
ਕੈਪਟਨ ਭਲਕੇ ਕਰਨਗੇ ਪ੍ਰੈਸ ਕਾਨਫਰੰਸ
ਅਜਿਹੇ 'ਚ ਹੁਣ ਕੈਪਟਨ ਅਮਰਿੰਦਰ ਸਿੰਘ ਆਪਣੇ ਬਿਆਨ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਇਸ ਲਈ ਹੁਣ ਹਰ ਪਾਸੇ ਕਿਆਸ ਲਗਾਏ ਜਾ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਭਲਕੇ ਆਪਣੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਸਕਦੇ ਹਨ। ਨਾਲ ਹੀ ਉਸਦਾ ਢਾਂਚਾ ਕੀ ਹੋਵੇਗਾ ਉਸ ਨੂੰ ਲੈ ਕੇ ਵੀ ਉਹ ਆਪਣੀ ਗੱਲ ਮੀਡੀਆ ਦੇ ਸਾਹਮਣੇ ਰੱਖ ਸਕਦੇ ਹਨ।
ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਭਲਕੇ ਹੋਣ ਵਾਲੀ ਪ੍ਰੈੱਸ ਕਾਨਫਰੰਸ 'ਚ ਕੀ ਐਲਾਨ ਕਰਦੇ ਹਨ। ਨਾਲ ਹੀ ਇਸ ਗੱਲ 'ਤੇ ਵੀ ਖਾਸ ਨਜ਼ਰ ਹੋਵੇਗੀ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਆਪਣੀ ਸਿਆਸੀ ਪਾਰਟੀ ਦਾ ਐਲਾਨ ਕਰਦੇ ਹਨ ਤਾਂ ਉਸ ਦੀ ਰੂਪਰੇਖਾ ਕੀ ਹੋਵੇਗੀ। ਉਹ ਹੁਣ ਤੱਕ ਕਿਹੜੀਆਂ-ਕਿਹੜੀਆਂ ਪਾਰਟੀਆਂ ਦੇ ਨੇਤਾਵਾਂ ਦੇ ਸੰਪਰਕ ਵਿੱਚ ਹਨ ਅਤੇ ਕਿਸ ਨਾਲ ਗੱਲ ਕਰ ਚੁੱਕੇ ਹਨ। ਇਸ ਦੇ ਨਾਲ ਹੀ ਮੀਡੀਆ ਉਨ੍ਹਾਂ ਤੋਂ ਸਵਾਲ ਜ਼ਰੂਰ ਪੁੱਛੇਗਾ ਕਿ ਭਾਜਪਾ ਨੂੰ ਲੈ ਕੇ ਉਨ੍ਹਾਂ ਦੀ ਯੋਜਨਾ ਕੀ ਹੈ। ਅਜਿਹੀ ਸਥਿਤੀ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਦਾ ਆਯੋਜਨ ਕਰਨ ਤੋਂ ਸਪੱਸ਼ਟ ਹੈ ਕਿ ਉਹ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਮੀਡੀਆ ਸਾਹਮਣੇ ਆ ਰਹੇ ਹਨ।
ਇਹ ਵੀ ਪੜੋ: ਪ੍ਰਗਤੀਸੀਲ ਪੰਜਾਬ ਨਿਵੇਸ਼ਕ ਸੰਮੇਲਨ: ਅੱਜ ਤੋਂ 2 ਦਿਨਾਂ ਸਮਾਗਮ, ਸੂਬੇ 'ਚ ਨਿਵੇਸ਼ ਦਾ ਸੱਦਾ