ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਰਾਤ ਦੇ ਕਰਫ਼ਿਊ ਦਾ ਐਲਾਨ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਮੁਤਾਬਕ ਪੰਜਾਬ ਦੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਰਾਤ 10 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਕਰਫ਼ਿਊ ਲੱਗੇਗਾ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ 1 ਹਜ਼ਾਰ ਰੁਪਏ ਦਾ ਜ਼ੁਰਮਾਨਾ ਲੱਗੇਗਾ। ਤੁਹਾਨੂੰ ਦੱਸ ਦਈਏ ਕਿ ਆਉਣ ਵਾਲੀ 1 ਦਸੰਬਰ ਤੋਂ ਪੰਜਾਬ ਵਿੱਚ ਇਹ ਰਾਤ ਦਾ ਕਰਫ਼ਿਊ ਲੱਗੇਗਾ।
ਇਨ੍ਹਾਂ ਵਿੱਚ ਪਹਿਲੀ ਦਸੰਬਰ ਤੋਂ ਸੂਬੇ ਦੇ ਸਾਰੇ ਕਸਬਿਆਂ ਤੇ ਸ਼ਹਿਰਾਂ ਵਿੱਚ ਦੁਬਾਰਾ ਰਾਤ ਦਾ ਕਰਫ਼ਿਊ ਲਾਇਆ ਜਾਣਾ ਅਤੇ ਮਾਸਕ ਨਾ ਪਾਉਣ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਦੁੱਗਣਾ ਜ਼ੁਰਮਾਨਾ ਲਾਇਆ ਜਾਣਾ ਸ਼ਾਮਲ ਹਨ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਨ੍ਹਾਂ ਪਾਬੰਦੀਆਂ ਦੀ ਸਮੀਖਿਆ 15 ਦਸੰਬਰ ਨੂੰ ਕੀਤੀ ਜਾਵੇਗੀ ਅਤੇ ਸਾਰੇ ਹੋਟਲ, ਰੈਸਟੋਰੈਂਟ ਤੇ ਮੈਰਿਜ ਪੈਲੇਸ ਰਾਤ 9:30 ਵਜੇ ਬੰਦ ਹੋਣਗੇੇ। ਉਨ੍ਹਾਂ ਅੱਗੇ ਕਿਹਾ ਕਿ ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5:00 ਵਜੇ ਤੱਕ ਲਾਗੂ ਰਹੇਗਾ। ਉਨ੍ਹਾਂ ਲੋਕਾਂ ਨੂੰ ਇਸ ਸਬੰਧ ਵਿੱਚ ਅਣਗਹਿਲੀ ਨਾ ਵਰਤਣ ਦੀ ਚਿਤਾਵਨੀ ਵੀ ਦਿੱਤੀ।
ਇਕ ਉੱਚ ਪੱਧਰੀ ਸੂਬਾਈ ਕੋਵਿਡ ਸਮੀਖਿਆ ਮੀਟਿੰਗ ਤੋਂ ਬਾਅਦ ਨਵੀਆਂ ਪਾਬੰਦੀਆਂ ਦੇ ਵੇਰਵੇ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਸਿੱਟੇ ਵਜੋਂ ਜੁਰਮਾਨਾ ਮੌਜੂਦਾ 500 ਰੁਪਏ ਤੋਂ ਵਧਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ।
ਪੰਜਾਬ ਵਿੱਚ ਹੁਣ ਤੱਕ ਕੋਰੋਨਾ ਦੇ ਕੁੱਲ 1,47,665 ਮਾਮਲੇ ਹਨ ਅਤੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 4653 ਤੱਕ ਪੁੱਜ ਗਈ ਹੈ।