ਚੰਡੀਗੜ੍ਹ: ਆਸਕ ਕੈਪਟਨ ਦੇ 12ਵੇਂ ਐਡੀਸ਼ਨ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਹਰ ਵੱਡੇ ਕਦਮ ਚੁੱਕ ਰਹੀ ਹੈ। ਉਨ੍ਹਾਂ ਮਾਸਕ ਨਾ ਲਾਉਣ ਵਾਲਿਆਂ 'ਤੇ ਵਧਾਏ ਗਏ ਜੁਰਮਾਨੇ ਦਾ ਤਰਕ ਦਿੰਦਿਆਂ ਕਿਹਾ ਕਿ ਜੁਰਮਾਨਾ ਘੱਟ ਹੋਣ ਕਾਰਨ ਲੋਕ ਮਾਸਕ ਪਾਉਣ ਦੀ ਪਰਵਾਹ ਨਹੀਂ ਕਰਦੇ ਸੀ, ਇਸ ਲਈ ਵਧਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਜੁਰਮਾਨਾ ਚੁਭੇ।
ਉਨ੍ਹਾਂ ਨੇ ਲੋਕਾਂ ਨੂੰ ਕੋਵਿਡ-19 ਨੂੰ ਲੈ ਕੇ ਸਰਕਾਰੀ ਹਦਾਇਤਾਂ ਦੀ ਪਾਲਨਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਬੰਦ ਕਮਰਿਆਂ ਵਿੱਚ ਵੀ ਮਾਸਕ ਲਗਾ ਕੇ ਬੈਠੋ। ਉਨ੍ਹਾਂ ਕਿਹਾ ਕਿ ਜੇਕਰ ਕਮਰੇ ਜਾਂ ਦਫ਼ਤਰ ਵਿੱਚ ਖਿੜਕੀਆਂ ਨਹੀਂ ਹਨ ਤਾਂ ਮਾਸਕ ਜ਼ਰੂਰ ਪਾਓ ਕਿਉਂਕਿ ਜਦੋਂ ਹਵਾ ਦੀ ਵੈਂਟੀਲੇਸ਼ਨ ਨਹੀਂ ਹੁੰਦੀ ਤਾਂ ਕੋਰੋਨਾ ਦੇ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਪਲਾਜ਼ਮਾ ਡੋਨੇਟ ਕਰਨ ਦੀ ਅਪੀਲ ਕੀਤੀ।
ਰੱਖੜੀ ਦੇ ਤਿਉਹਾਰ ਨੂੰ ਲੈ ਕੇ ਖ਼ਾਸ ਐਲਾਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਐਤਵਾਰ ਨੂੰ ਪੰਜਾਬ ਵਿੱਚ ਹਲਵਾਈ (ਮਠਿਆਈ) ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਕੋਵਿਡ ਦੇ ਸੰਕਟ ਕਾਰਨ ਐਤਵਾਰ ਦੇ ਲੌਕਡਾਊਨ ਕਰਕੇ ਸੂਬੇ ਵਿੱਚ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਨਹੀਂ ਹੈ ਪਰ ਸੂਬਾ ਸਰਕਾਰ ਨੂੰ ਕਈ ਅਪੀਲਾਂ ਪ੍ਰਾਪਤ ਹੋਣ ਕਰਕੇ 3 ਅਗਸਤ ਨੂੰ ਰੱਖੜੀ ਦੇ ਤਿਉਹਾਰ ਦੀ ਪੂਰਵ ਸੰਧਿਆ ’ਤੇ ਹਲਵਾਈ ਦੀਆਂ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ।