ਚੰਡੀਗੜ੍ਹ: ਪੰਜਾਬ ਦਾ ਕਿਸਾਨ ਕਾਰਪੋਰੇਟ ਘਰਾਣਿਆਂ ਵੱਲੋਂ ਉਨ੍ਹਾਂ ਦੀ ਹੋਣ ਵਾਲੀ ਲੁੱਟ ਦੇ ਡਰ ਵਜੋਂ ਕੇਂਦਰ ਦੇ ਨਵੇਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਘਰ ਪਰਿਵਾਰ ਛੱਡ ਕੇ ਅੰਦੋਲਨ ਕਰ ਰਿਹਾ ਹੈ, ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਨਾਲ ਗ਼ੱਦਾਰੀ ਕਰਦੇ ਹੋਏ ਕਾਰਪੋਰੇਟ ਘਰਾਣੇ ਅਡਾਨੀ ਨੂੰ ਪੰਜਾਬ ਦੀ ਬਿਜਲੀ ਦਾ ਠੇਕਾ ਦੇ ਦਿੱਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਅਤੇ ਪਾਰਟੀ ਦੇ ਸੀਨੀਅਰ ਆਗੂ ਜਗਤਾਰ ਸਿੰਘ ਸੰਘੇੜਾ ਇਥੇ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ।
ਕਾਰਪੋਰੇਟ ਘਰਾਣਿਆਂ ਦੇ ਵਿਚੋਲੀਏ ਵਜੋਂ ਕੰਮ ਕਰ ਰਹੇ ਹਨ ਕੈਪਟਨ ਅਮਰਿੰਦਰ: ਅਨਮੋਲ ਗਗਨ ਮਾਨ ਦੋਵਾਂ ਆਗੂਆਂ ਨੇ ਕਿਹਾ ਕਿ ਜਦੋਂ 24 ਨਵੰਬਰ ਨੂੰ ਪੰਜਾਬ ਦੇ ਕਿਸਾਨ ਆਪਣੇ ਹੱਕਾਂ ਦੀ ਲੜਾਈ ਲਈ ਦਿੱਲੀ ਕੂਚ ਕਰਨ ਵਾਸਤੇ ਤਿਆਰੀ ਕਰ ਰਹੇ ਸਨ, ਕੈਪਟਨ ਨੇ ਪੰਜਾਬ ਦੀ ਬਿਜਲੀ ਸਪਲਾਈ ਦਾ ਠੇਕਾ ਅਡਾਨੀ ਨੂੰ ਦੇ ਦਿੱਤਾ। ਜਦਕਿ ਮੁੱਖ ਮੰਤਰੀ ਲੋਕਾਂ ਸਾਹਮਣੇ ਇਹ ਕਹਿੰਦੇ ਰਹੇ ਕਿ ਉਹ ਕਿਸਾਨ ਦੇ ਅੰਦੋਲਨ ਨਾਲ ਹਨ, ਪ੍ਰੰਤੂ ਉਨ੍ਹਾਂ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।
ਉਨ੍ਹਾਂ ਕਿਹਾ ਕਿ ਇੱਕ ਦਿਖਾਵੇ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਅਤੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸਦੇ ਰਹੇ। ਪ੍ਰੰਤੂ ਜਿਨ੍ਹਾਂ ਖ਼ਿਲਾਫ਼ ਕਿਸਾਨ ਲੜ ਰਹੇ ਹਨ, ਉਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਹੀ ਕੈਪਟਨ ਅਮਰਿੰਦਰ ਵਿਚੋਲੇ ਬਣੇ ਹੋਏ ਹਨ।
'ਬਠਿੰਡੇ ਦੇ ਥਰਮਲ ਦੀਆਂ ਚਿਮਨੀਆਂ ਵਿੱਚੋਂ ਧੂੰਆਂ ਕੱਢਣ ਦੀ ਥਾਂ ਕਾਂਗਰਸੀਆਂ ਨੇ ਪੰਜਾਬ ਦਾ ਧੂੰਆਂ ਕੱਢਿਆ'
ਚੋਣਾਂ ਤੋਂ ਪਹਿਲਾਂ ਬਠਿੰਡੇ ਦੇ ਥਰਮਲ ਪਲਾਂਟ ਨੂੰ ਮੁੜ ਚਾਲੂ ਕਰਨ ਸਬੰਧੀ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਿਆਨ ਕਿ ਸਰਕਾਰ ਸਥਾਪਤੀ ਤੋਂ ਬਾਅਦ ਉਹ ਇਸਦੀਆਂ ਚਿਮਨੀਆਂ ਵਿੱਚੋਂ ਧੂੰਆਂ ਕੱਢਣਗੇ, ਬਾਰੇ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ ਝੂਠ ਬੋਲਣ ਤੋਂ ਸਿਵਾ ਕੁੱਝ ਨਹੀਂ ਕੀਤਾ। ਖਜਾਨਾ ਮੰਤਰੀ ਚੋਣ ਜਿੱਤਣ ਅਤੇ ਸਰਕਾਰ ਬਣਾਉਣ ਤੋਂ ਬਾਅਦ ਬਠਿੰਡੇ ਦੇ ਚਿਮਨੀਆਂ ਵਿੱਚੋਂ ਧੂੰਆਂ ਕੱਢਣ ਵਿੱਚ ਨਾਕਾਮ ਰਹੇ ਹਨ ਪ੍ਰੰਤੂ ਲੋਕ ਮਾਰੂ ਨੀਤੀਆਂ ਨਾਲ ਪੰਜਾਬ ਦੇ ਲੋਕਾਂ ਦਾ ਧੂੰਆਂ ਜ਼ਰੂਰ ਕੱਢ ਦਿੱਤਾ ਹੈ।
'ਕੈਪਟਨ ਨੇ ਅਡਾਨੀ ਘਰਾਣੇ ਨੂੰ ਦਿੱਤਾ ਬਿਜਲੀ ਦਾ ਠੇਕਾ'
'ਆਪ' ਆਗੂਆਂ ਨੇ ਕਿਹਾ ਕਿ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਕਾਰਪੋਰੇਟ ਘਰਾਣਿਆਂ ਤੋਂ ਆਪਣੀਆਂ ਜ਼ਮੀਨਾਂ ਬਚਾਉਣ ਲਈ ਕਿਸਾਨ ਲੜਾਈ ਲੜ ਰਹੇ ਹਨ ਉਨ੍ਹਾਂ ਨੂੰ ਕਿਸਾਨਾਂ ਦੇ ਖੇਤਾਂ ਨੂੰ ਸਿੰਚਾਈ ਲਈ ਵਰਤੀ ਜਾਣ ਵਾਲੀ ਬਿਜਲੀ ਦਾ ਠੇਕਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਿਸਾਨ ਕਾਰਪੋਰੇਟ ਘਰਾਣਿਆਂ ਦੀਆਂ ਬਣਾਈਆਂ ਚੀਜ਼ਾਂ ਦਾ ਬਾਈਕਾਟ ਕਰ ਰਹੇ ਹਨ ਅਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਅਡਾਨੀਆਂ ਨੂੰ ਪੰਜਾਬ 'ਚ ਆਪਣਾ ਕਾਰੋਬਾਰ ਵਧਾਉਣ ਦਾ ਮੌਕਾ ਦੇ ਰਹੇ ਹਨ। ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਕਰਕੇ ਕੈਪਟ ਨੇ ਦਿਖਾ ਦਿੱਤਾ ਹੈ ਕਿ ਉਹ ਕਿਸਾਨ ਹਿਤੈਸ਼ੀ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਲਈ ਵਿਚੋਲਗਿਰੀ ਕਰ ਰਹੇ ਹਨ।