ਚੰਡੀਗੜ੍ਹ: ਪੰਜਾਬ ਕੈਬਨਿਟ ਚ ਬਦਲਾਅ ਦੀਆਂ ਖਬਰਾਂ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਹੋਈ। ਸੂਤਰ ਦੱਸਦੇ ਹਨ ਕਿ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਕੈਬਨਿਟ ਚ ਬਦਲਾਅ ਨੂੰ ਲੈ ਕੇ ਆਪਣਾ ਆਪਣਾ ਪੱਖ ਰੱਖਿਆ। ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਦਿੱਤੀ ਗਈ ਹੈ ਜਿਸ ਚ ਉਨ੍ਹਾਂ ਨੇ ਯਾਦ ਕਰਵਾਇਆ ਹੈ ਕਿ ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਨੂੰ 18 ਨੁਕਤਿਆਂ ਤੇ ਕੰਮ ਕਰਨ ਨੂੰ ਕਿਹਾ ਗਿਆ ਹੈ ਅਤੇ ਉਸ ’ਤੇ ਮਜਬੂਤੀ ਨਾਲ ਕੰਮ ਕਰਨਾ ਚਾਹੀਦਾ ਹੈ।
ਉੱਥੇ ਹੀ ਪੰਜਾਬ ਕੈਬਨਿਟ ਚ ਬਦਲਾਅ ਦੀਆਂ ਖਬਰਾਂ ਨੂੰ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਖੇਮੇ ਚ ਵੀ ਵੱਖ ਵੱਖ ਵਿਚਾਰ ਦੇਖਣ ਨੂੰ ਮਿਲ ਰਹੇ ਹਨ। ਸਿੱਧੂ ਧੜੇ ਨਾਲ ਜੁੜੇ ਲੀਡਰਾਂ ਦਾ ਕਹਿਣਾ ਹੈ ਕਿ ਹੁਣ ਕੈਬਨਿਟ ਚ ਬਦਲਾਅ ਦਾ ਸਮਾਂ ਨਹੀਂ ਹੈ ਬਲਕਿ ਲੋੜ ਹੈ ਕਿ ਆਉਣ ਵਾਲੇ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਕੰਮ ਕੀਤੇ ਜਾਣ।
'ਕੈਬਨਿਟ ਦਾ ਨਹੀਂ ਹੋਣਾ ਚਾਹੀਦਾ ਵਿਸਥਾਰ'
ਵਿਧਾਇਕ ਮਦਨਲਾਲ ਜਲਾਲਪੁਰ ਨੇ ਕਿਹਾ ਕਿ ਜਿਵੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਹਾ ਗਿਆ ਹੈ ਕਿ ਉਹ ਦੋ ਉੱਪ ਮੁੱਖ ਮੰਤਰੀ ਲਗਾਉਣਗੇ ਉਸੇ ਤਰਜ਼ ’ਤੇ ਕਾਂਗਰਸ ਨੂੰ ਵੀ ਦੋ ਉਪ ਮੁੱਖ ਮੰਤਰੀ ਲਾਉਣਾ ਚਾਹੀਦਾ ਹੈ। ਜਿਸ ਨਾਲ ਵੱਖ ਵੱਖ ਵਰਗ ਦੇ ਲੋਕਾਂ ਨੂੰ ਮਜਬੂਤੀ ਮਿਲੇਗੀ। ਨਾਲ ਹੀ ਕਾਂਗਰਸ ਨੂੰ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਫਿਲਹਾਲ ਕੈਬਨਿਟ ਦਾ ਵਿਸਥਾਰ ਨਹੀਂ ਹੋਵੇਗਾ ਜੇ ਹੁੰਦਾ ਵੀ ਇਹਦਾ ਜਿਹੜੇ ਮੰਤਰੀ ਬਣਨਗੇ ਉਹ ਚਾਰ ਪੰਜ ਮਹੀਨੇ ਲਈ ਬਣਨਗੇ ਜਿਸਦਾ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਸਗੋਂ ਨੁਕਸਾਨ ਹੀ ਹੋਵੇਗਾ।