ਚੰਡੀਗੜ੍ਹ: ਪੰਜਾਬ ਸਰਕਾਰ ਦੇ ਕਾਰਜਕਾਲ ਦੇ 3 ਸਾਲ ਪੂਰੇ ਹੋ ਗਏ ਹਨ। ਇਸੇ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ 3 ਸਾਲ ਦੀ ਕਾਰਗੁਜ਼ਾਰੀ ਬਾਰੇ ਦੱਸਿਆ। ਕੈਪਟਨ ਨੇ ਲੋਕਾਂ ਦੇ ਰੂ-ਬ-ਰੂ ਹੋ ਕੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ।
ਕਿਸਾਨਾਂ ਨੂੰ ਰਾਹਤ
ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਖੇਤੀਬਾੜੀ ਸੈਕਟਰ ਲਈ ਕੰਮ ਕੀਤਾ, ਉਨ੍ਹਾਂ ਕਿਹਾ ਕਿ ਫ਼ਸਲਾਂ ਦਾ ਜੋ ਨੁਕਸਾਨ ਹੋਇਆ ਹੈ, ਉਨ੍ਹਾਂ ਦੀ ਗਿਰਦਾਵਰੀ ਤੁਰੰਤ ਕੀਤੀ ਜਾਵੇਗੀ। ਅਗਲੇ ਮਹੀਨੇ ਆਉਣ ਵਾਲੀ ਫ਼ਸਲ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਹਨ। ਅਸੀਂ ਕਿਸਾਨਾਂ ਨੂੰ 4700 ਕਰੋੜ ਰੁਪਏ ਦੇ ਕਰਜ਼ੇ ਦੀ ਰਾਹਤ ਦਿੱਤੀ ਹੈ ਅਤੇ ਹੁਣ ਸਮਾਂ ਉਨ੍ਹਾਂ ਕਿਸਾਨਾਂ ਲਈ ਹੈ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੀਂਹ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਵੀ ਪੰਜਾਬ ਸਰਕਾਰ ਦੇਵੇਗੀ।
ਇੰਡਸਟਰੀ 'ਚ ਵਾਧਾ
ਕੈਪਟਨ ਨੇ ਕਿਹਾ ਕਿ ਅਸੀਂ ਇੰਡਸਟਰੀ ਸੈਕਟਰ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਹੁਣ ਤੱਕ ਕਈ ਨਵੇਂ ਨਿਵੇਸ਼ਕਾਰ ਆਏ ਹਨ ਜਿਸ ਨਾਲ ਰੁਜ਼ਗਾਰ ਦੇ ਸਾਧਨ ਪੈਦਾ ਹੋਣਗੇ।
ਸਿਹਤ ਯੋਜਨਾ ਦਾ ਲਾਭ
ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਬੀਮਾ ਯੋਜਨਾ ਤਹਿਤ 46 ਲੱਖ ਪਰਿਵਾਰਾਂ ਨੂੰ ਲਾਭ ਪਹੁੰਚਾਇਆ ਗਿਆ ਹੈ। ਨਿਊ ਚੰਡੀਗੜ੍ਹ ਵਿੱਚ ਨਵਾਂ ਕੈਂਸਰ ਹਸਪਤਾਲ ਬਣਾਇਆ ਜਾਵੇਗਾ ਜੋ ਕਿ 2022 ਤੱਕ ਸ਼ੁਰੂ ਹੋ ਜਾਵੇਗਾ। ਕੈਪਟਨ ਨੇ ਕਿਹਾ ਕਿ ਜੋ 3 ਨਵੇਂ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਹੈ, ਉਨ੍ਹਾਂ 'ਤੇ ਜਲਦ ਹੀ ਕੰਮ ਸ਼ੁਰੂ ਕੀਤਾ ਜਾਵੇਗਾ। ਹੁਣ ਤੱਕ ਸੂਬੇ ਅੰਦਰ 1350 ਦੇ ਕਰੀਬ ਸਿਹਤ ਅਤੇ ਵੈਲਨੈਸ ਕਲੀਨਿਕ ਸਥਾਪਿਤ ਕੀਤੇ ਗਏ ਹਨ। ਜੋ ਕਿ 2022 ਤੱਕ 3500 ਹੋਣ ਦੀ ਉਮੀਦ ਹੈ।
ਪ੍ਰਕਾਸ਼ ਪੂਰਬ ਵੱਡੇ ਪੱਧਰ 'ਤੇ ਮਨਾਇਆ
ਉਨ੍ਹਾਂ ਕਿਹਾ ਕਿ ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੂਰਬ ਵੱਡੇ ਪੱਧਰ 'ਤੇ ਮਨਾ ਰਹੇ ਹਾਂ ਤੇ ਇਹ ਖ਼ੁਸ਼ੀ ਦੀ ਗੱਲ ਹੈ ਕਿ ਸਾਨੂੰ ਇਹ ਮੌਕਾ ਪ੍ਰਾਪਤ ਹੋਇਆ। ਕੋਰੋਨਾ ਵਾਇਰਸ ਦੇ ਖ਼ਤਰੇ ਕਾਰਨ ਕਰਤਾਰਪੁਰ ਲਾਂਘੇ ਦੇ ਆਰਜ਼ੀ ਤੌਰ 'ਤੇ ਬੰਦ ਹੋਣ 'ਤੇ ਕੈਪਟਨ ਨੇ ਕਿਹਾ ਕਿ ਜਦੋਂ ਇਹ ਖ਼ਤਰਾ ਟਲ਼ ਜਾਵੇਗਾ ਉਦੋਂ ਲਾਂਘਾ ਖੋਲ ਦਿੱਤਾ ਜਾਵੇਗਾ ਤੇ ਸ਼ਰਧਾਲੂ ਮੁੜ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ।