ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਯੂਨੀਅਨਾਂ ਵੱਲੋਂ ਰੇਲ ਟ੍ਰੈਕ ਪੂਰੀ ਤਰ੍ਹਾਂ ਖਾਲੀ ਨਾ ਕਰਨ ਦੇ ਫੈਸਲੇ ‘ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਰੇਲ ਰੋਕੋ ਅੰਦੋਲਨ ਕਾਰਨ ਪੰਜਾਬ 'ਚ 1 ਅਕਤੂਬਰ ਤੋਂ ਟ੍ਰੇਨਾਂ ਬੰਦ ਹਨ। ਜਿਸ ਨਾਲ ਭਾਰੀ ਮੁਸ਼ਕਲ ਅਤੇ ਕਈ ਚੀਜ਼ਾਂ ਦੀ ਘਾਟ ਪੈਦਾ ਹੋ ਗਈ ਹੈ। ਉਨ੍ਹਾਂ ਨੂੰ ਉਮੀਦ ਸੀ ਕਿ ਸੂਬੇ ਦੇ ਹਿੱਤਾਂ 'ਚ ਕਿਸਾਨ ਅੰਦੋਲਨ ਵਿੱਚ ਢਿੱਲ ਦੇਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਅੜੀਅਲ ਰਵੱਈਆ ਛੱਡਣ ਲਈ ਕਿਹਾ।
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਨੂੰ ਇਹ ਸਮਝਣਾ ਪਏਗਾ ਕਿ ਉਨ੍ਹਾਂ ਦੀ ਨਾਕਾਬੰਦੀ ਨੇ ਪੰਜਾਬ ਲਈ ਆਮ ਕੰਮਕਾਜ ‘ਤੇ ਰੋਕ ਲਗਾ ਦਿੱਤੀ ਹੈ, ਜੋ ਕਿ ਮਹਾਮਾਰੀ ਕਾਰਨ ਪਹਿਲਾਂ ਹੀ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ।
ਦਰਅਸਲ, ਕਿਸਾਨਾਂ ਨੂੰ ਪੰਜਾਬ ਦੇ ਹਰ ਵਰਗ ਦਾ ਪੂਰਾ ਸਮਰਥਨ ਮਿਲਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਲਈ ਲੜਾਈ ਛੱਡਣ ਨਾਲੋਂ ਤਾਕਤ ਗੁਆਉਣ ਲਈ ਤਿਆਰ ਹੈ। ਇਸ ਇਸ਼ਾਰੇ ਨੂੰ ਦੁਹਰਾਉਣ ਦੀ ਬਜਾਏ, ਕਿਸਾਨ ਯੂਨੀਅਨਾਂ ਰਾਜ ਦੇ ਖ਼ਜ਼ਾਨੇ, ਉਦਯੋਗ, ਆਮ ਲੋਕਾਂ ਅਤੇ ਖ਼ੁਦ ਕਿਸਾਨਾਂ ਤੇ ਪੈ ਰਹੇ ਗੰਭੀਰ ਵਿੱਤੀ ਅਤੇ ਹੋਰ ਪ੍ਰਭਾਵਾਂ ਨੂੰ ਵਿਚਾਰੇ ਬਗੈਰ ਰਾਜ ਵਿੱਚ ਰੇਲ ਗੱਡੀਆਂ ਨੂੰ ਜਾਣ ਦੀ ਇਜ਼ਾਜਤ ਨਾ ਦੇਣ ‘ਤੇ ਦ੍ਰਿੜ ਸਨ।
ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਦੀ ਬੁੱਧਵਾਰ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਕਿਸਾਨਾਂ ਨੇ 26-27 ਨਵੰਬਰ ਨੂੰ ਦਿੱਲੀ ਘੇਰਨ ਦਾ ਫੈਸਲਾ ਕਰ ਲਿਆ ਹੈ। ਕਿਸਾਨ ਵੱਡੀ ਗਿਣਤੀ ਵਿੱਚ 26 ਤਰੀਖ ਨੂੰ ਦਿੱਲੀ ਵੱਲ ਕੂਚ ਕਰਨਗੇ। ਕਿਸਾਨ ਜੱਥੇਬੰਦੀਆਂ ਨੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਉਨ੍ਹਾਂ ਨਾਲ ਦਿੱਲੀ ਵੱਲ ਕੂਚ ਕਰਨ ਦੌਰਾਨ ਰਸਤੇ ਵਿੱਚ ਮੱਥਾ ਨਾ ਲਾਇਆ ਜਾਏ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਲੜ੍ਹਾਈ ਕਿਸੇ ਹੋਰ ਨਾਲ ਨਹੀਂ ਕੇਂਦਰ ਸਰਕਾਰ ਨਾਲ ਹੈ।