ਚੰਡੀਗੜ੍ਹ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਭਾਜਪਾ ਵਿੱਚ ਰਲੇਵਾਂ ਕਰਨ ਜਾ ਰਹੇ ਹਨ। ਦੱਸ ਦਈਏ ਕਿ ਇਹ ਰਲੇਵਾਂ ਇਸੇ ਮਹੀਨੇ ਹੋ ਜਾਵੇਗਾ। ਫਿਲਹਾਲ ਕੈਪਟਨ ਅਮਰਿੰਦਰ ਸਿੰਘ ਰੀੜ੍ਹ ਦੀ ਹੱਡੀ ਦਾ ਆਪਰੇਸ਼ਨ ਕਰਵਾਉਣ ਲਈ ਵਿਦੇਸ਼ ਗਏ ਹੋਏ ਹਨ ਤੇ ਜਾਣਕਾਰੀ ਇਹ ਹੈ ਕਿ ਉਹ ਅਗਲੇ ਹਫ਼ਤੇ ਭਾਰਤ ਪਰਤ ਆਉਣਗੇ। ਕੈਪਟਨ ਅਮਰਿੰਦਰ ਸਿੰਘ ਦੇ ਭਾਰਤ ਆਉਣ ਮਗਰੋਂ ਰਲੇਵੇ ਸਬੰਧੀ ਕਾਰਵਾਈ ਸ਼ੁਰੂ ਹੋ ਜਾਵੇਗੀ।
ਇਹ ਵੀ ਪੜੋ:ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਮੰਗਿਆ ਸਮਰਥਨ, ਜਾਣੋਂ ਕਿਉਂ ਪਈ ਲੋੜ...
ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਸਕਦੀ ਹੋ ਕੋਈ ਵੱਡੀ ਜ਼ਿੰਮੇਵਾਰੀ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾਈ ਬਣਨ ਤੋਂ ਬਾਅਦ ਉਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਖਾਸ ਤੌਰ 'ਤੇ 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਪੰਜਾਬ ਦੀਆਂ 13 ਸੀਟਾਂ 'ਤੇ ਕੇਂਦਰਿਤ ਹੈ ਤਾਂ ਜੋ ਪੰਜਾਬ ਵਿੱਚ ਭਾਜਪਾ ਨੂੰ ਮਜ਼ਬੂਤ ਕੀਤਾ ਜਾ ਸਕੇ।
ਕੈਪਟਨ ਵੱਖਰੀ ਪਾਰਟੀ ਬਣਾ ਲੜੇ ਸਨ 2022 ਦੀਆਂ ਵਿਧਾਨਸਭਾ ਚੋਣਾਂ:ਕਾਂਗਰਸ ਨਾਲੋਂ ਨਾਤਾ ਤੋੜਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2022 ਦੀਆਂ ਵਿਧਾਨਸਭਾ ਚੋਣਾਂ ਵੱਖਰੀ ਪਾਰਟੀ ਬਣਾਕੇ ਲੜੇ ਸਨ, ਜਿਹਨਾਂ ਨੇ ਭਾਜਪਾ ਨਾਲ ਗੱਠਜੋੜ ਕੀਤਾ ਸੀ। ਹਾਲਾਂਕਿ ਉਹਨਾਂ ਨੂੰ ਸਫ਼ਲਤਾ ਨਹੀਂ ਮਿਲੀ ਤੇ ਕੈਪਟਨ ਅਮਰਿੰਦਰ ਸਿੰਘ ਖੁਦ ਵੀ ਹਾਰ ਗਏ ਸਨ।
ਬਹੁਤ ਸਾਰੇ ਕਾਂਗਰਸੀਆਂ ਨੇ ਫੜ੍ਹਿਆ ਭਾਜਪਾ ਦਾ ਪੱਲਾ:ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਤੋਂ ਬਾਅਦ ਉਹਨਾਂ ਨੂੰ ਉਮੀਦ ਸੀ ਕਿ ਵੱਡੀ ਗਿਣਤੀ ਵਿੱਚ ਕਾਂਗਰਸੀ ਉਹਨਾਂ ਨਾਲ ਜੁੜ ਜਾਣਗੇ, ਪਰ ਅਜਿਹਾ ਨਹੀਂ ਹੋਇਆ, ਹੁਣ ਹਾਰ ਤੋਂ ਬਾਅਦ ਬਹੁਤੇ ਕਾਂਗਰਸੀਆਂ ਭਾਜਪਾ ਦਾ ਪੱਲਾ ਫੜ੍ਹ ਲਿਆ ਹੈ। ਦੱਸ ਦਈਏ ਕਿ ਸਭ ਤੋਂ ਪਹਿਲਾਂ ਕਾਂਗਰਸ ਦੇ ਵਿਧਾਇਕ ਰਹੇ ਫਤਿਹਜੰਗ ਬਾਜਵਾ ਅਤੇ ਰਾਣਾ ਗੁਰਮੀਤ ਸੋਢੀ ਚੋਣਾਂ ਤੋਂ ਪਹਿਲਾਂ ਭਾਜਪਾ 'ਚ ਸ਼ਾਮਲ ਹੋ ਗਏ ਸਨ। ਚੋਣਾਂ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਹੇ ਸੁਨੀਲ ਜਾਖੜ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਇਸ ਤੋਂ ਬਾਅਦ ਕਾਂਗਰਸ ਦੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ, ਸ਼ਾਮ ਸੁੰਦਰ ਅਰੋੜਾ, ਰਾਜਕੁਮਾਰ ਵੇਰਕਾ ਅਤੇ ਬਲਬੀਰ ਸਿੱਧੂ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ।
ਇਹ ਵੀ ਪੜੋ:ਪੰਜਾਬ 'ਚ ਅੱਜ ਤੋਂ 300 ਯੂਨਿਟ ਮੁਫ਼ਤ ਬਿਜਲੀ ਦੀ ਸਕੀਮ ਲਾਗੂ
ਕਾਂਗਰਸ ਨੇ ਕੈਪਟਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਕੀਤਾ ਸੀ ਲਾਂਬੇ:ਸਾਲ 2021 ਵਿੱਚ ਕਾਂਗਰਸ ਵਿੱਚ ਘਸਮਾਨ ਪੈਣ ਤੋਂ ਬਾਅਦ ਕਾਂਗਰਸੀ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾ ਦਿੱਤਾ ਸੀ। ਕੁਰਸੀ ਜਾਣ ਤੋਂ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਬੇਜ਼ਤੀ ਸਮਝਦੇ ਹੋਏ ਕਾਂਗਰਸ ਛੱਡ ਦਿੱਤੀ ਸੀ ਤੇ ਵੱਖਰੀ ਪਾਰਟੀ ਬਣਾ ਲਈ ਸੀ। ਬੇਸ਼ੱਕ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਹ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ, ਪਰ ਇਸ ਦੇ ਬਾਵਜੂਦ ਕਾਂਗਰਸ ਦੀ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਬੁਰ੍ਹੇ ਤਰੀਕੇ ਨਾਲ ਹਾਰ ਹੋਈ ਹੈ।
ਵਿਧਾਇਕਾਂ ਦੇ ਸ਼ਿਕਾਇਤ ਕਰਨ ਤੋਂ ਬਾਅਦ ਕੈਪਟਨ ’ਤੇ ਹੋਈ ਸੀ ਕਾਰਵਾਈ: ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੋਂ ਕਾਂਗਰਸ ਦੇ ਬਹੁਤ ਸਾਰੇ ਵਿਧਾਇਕ ਖੁਸ਼ ਨਹੀਂ ਸਨ, ਜਿਸ ਤੋਂ ਮਗਰੋਂ ਵਿਧਾਇਕਾਂ ਨੇ ਇਕੱਠੇ ਹੋਕੇ ਹਾਈਕਮਾਨ ਨੂੰ ਕੈਪਟਨ ਅਮਰਿੰਦਰ ਸਿੰਘ ਖਿਲਾਫ ਕਾਰਵਾਈ ਕਰਨ ਲਈ ਪੱਤਰ ਵੀ ਲਿਖਿਆ ਸੀ। ਪੱਤਰ ’ਤੇ ਕਾਰਵਾਈ ਕਰਦੇ ਹੋਏ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ 18 ਨੁਕਤੇ ਦੇ ਕੰਮ ਕਰਨ ਲਈ ਕਿਹਾ ਸੀ, ਪਰ ਕੈਪਟਨ ਅਮਰਿੰਦਰ ਸਿੰਘ ਉਹ ਵੀ ਪੂਰੇ ਨਹੀਂ ਕਰ ਸਕੇ, ਜਿਸ ਤੋਂ ਬਾਅਦ ਹਾਈਕਮਾਨ ਨੇ ਕਾਰਵਾਈ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾ ਦਿੱਤਾ ਸੀ।
ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਵੀ ਫੜ੍ਹ ਸਕਦੇ ਹਨ ਭਾਜਪਾ ਦਾ ਪੱਲ੍ਹਾ: ਉਥੇ ਹੀ ਜਾਣਕਾਰੀ ਇਹ ਵੀ ਹੈ ਕਿ ਕੈਪਟਨ ਦੀ ਪਾਰਟੀ ਦਾ ਭਾਜਪਾ ਵਿੱਚ ਰਲੇਵੇਂ ਤੋਂ ਬਾਅਦ ਉਨ੍ਹਾਂ ਦੀ ਸੰਸਦ ਮੈਂਬਰ ਪਤਨੀ ਪ੍ਰਨੀਤ ਕੌਰ ਵੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਦੱਸ ਦਈਏ ਕਿ 2022 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਕਾਂਗਰਸ ਦੀ ਸਾਂਸਦ ਪ੍ਰਨੀਤ ਕੌਰ ਨੇ ਕਾਂਗਰਸੀ ਪਾਰਟੀ ਲਈ ਪ੍ਰਚਾਰ ਕਰਨ ਦੀ ਬਜਾਏ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਲਈ ਪ੍ਰਚਾਰ ਕੀਤਾ ਸੀ, ਜਿਸ ਕਾਰਨ ਕਾਂਗਰਸੀ ਨਾਰਾਜ਼ ਹੋ ਗਏ ਸਨ ਤੇ ਉਹਨਾਂ ਨੇ ਇਸ ਸਬੰਧੀ ਹਾਈਕਮਾਨ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਮਗਰੋਂ ਹਾਈਕਮਾਨ ਨੇ ਕਾਰਵਾਈ ਕਰਦੇ ਹੋਏ ਪ੍ਰਨੀਤ ਕੌਰ ਤੋਂ ਜਵਾਬ ਵੀ ਮੰਗਿਆ ਸੀ।