ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸਿੱਧੀ ਅਦਾਇਗੀ ਦੇ ਮੁੱਦੇ ਉਤੇ ਆਪਸੀ ਸਹਿਮਤੀ ਬਣਾਉਣ ਤੱਕ ਕਿਸਾਨਾਂ ਨੂੰ ਅਦਾਇਗੀ ਕੀਤੇ ਜਾਣ ਦੀ ਮੌਜੂਦਾ ਪ੍ਰਣਾਲੀ ਜਾਰੀ ਰੱਖਣ ਦੀ ਮੰਗ ਕੀਤੀ ਹੈ। ਇਹ ਜ਼ਿਕਰ ਕਰਦਿਆਂ ਕਿ ਆੜ੍ਹਤੀ, ਕਿਸਾਨਾਂ ਅਤੇ ਖਰੀਦ ਏਜੰਸੀਆਂ ਦਰਿਮਆਨ ਵਿਚੋਲੇ ਨਹੀਂ ਹਨ ਸਗੋਂ ਸਰਵਿਸ ਪ੍ਰੋਵਾਈਡਰ ਹਨ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਅਨਾਜ ਦੀ ਨਿਰਵਿਘਨ ਖਰੀਦ ਵਿਚ ਸ਼ਾਮਲ ਕਿਸਾਨਾਂ ਅਤੇ ਸਾਰੀਆਂ ਧਿਰਾਂ ਦੀ ਰੋਜੀ-ਰੋਟੀ ਖ਼ਤਰੇ ਵਿਚ ਨਾ ਪਵੇ।
ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਪਾਸੋਂ ਮੌਜੂਦਾ ਪ੍ਰਣਾਲੀ ਨੂੰ ਬਦਲਣ ਨਾਲ ਸਥਿਤੀ ਹੱਥੋਂ ਬਾਹਰ ਨਿਕਲਣ ਤੋਂ ਪਹਿਲਾਂ ਵੱਖ-ਵੱਖ ਧਿਰਾਂ ਦੀਆਂ ਚਿੰਤਾਵਾਂ ਬਾਰੇ ਜਾਣੂੰ ਕਰਵਾਉਣ ਲਈ ਮੁਲਾਕਾਤ ਦੀ ਵੀ ਮੰਗ ਕੀਤੀ। ਪੰਜਾਬ ਸਰਕਾਰ ਦੀ ਤਰਫੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਲੰਮੇ ਸਮੇਂ ਲਈ ਕੀਤੇ ਜਾਣ ਵਾਲੇ ਮਜ਼ਬੂਤ ਸੁਧਾਰਾਂ ਲਈ ਸਬੰਧਤ ਧਿਰਾਂ ਦਰਮਿਆਨ ਸਹਿਮਤੀ ਬਣਾਉਣ ਵਾਸਤੇ ਉਨ੍ਹਾਂ ਨੇ ਸਹਿਯੋਗ ਦਾ ਭਰੋਸਾ ਦਿੱਤਾ।
ਭਾਰਤ ਸਰਕਾਰ ਦੇ ਕੁਝ ਦਿਸ਼ਾ-ਨਿਰਦੇਸ਼ਾਂ ਅਤੇ ਆਦੇਸ਼ਾਂ ਰਾਹੀਂ ਕਾਨੂੰਨੀ ਤੌਰ ਉਤੇ ਪ੍ਰਵਾਨਿਤ ਅਤੇ ਪੂਰੀ ਤਰ੍ਹਾਂ ਸਥਾਪਤ ਸੰਸਥਾਗਤ ਅਤੇ ਸਮਾਜਿਕ ਪ੍ਰਬੰਧਾਂ ਵਿਚ ਹਿਲਜੁਲ ਹੋਣ ਬਾਰੇ ਤਾਜਾ ਯਤਨਾਂ ਉਪਰ ਚਿੰਤਾ ਜਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਸਰਕਾਰ ਦੇ ਇਕਪਾਸੜ ਫੈਸਲਿਆਂ ਅਤੇ ਚੁੱਕੇ ਗਏ ਕਦਮਾਂ ਦੇ ਨਮੂਨੇ ਦਾ ਨੋਟਿਸ ਲਿਆ ਹੈ।
ਮੁੱਖ ਮੰਤਰੀ ਨੇ ਇਸ ਮਸਲੇ ਉਤੇ ਪ੍ਰਧਾਨ ਮੰਤਰੀ ਦੇ ਦਖਲ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਇਸ ਬਾਰੇ ਖੁਰਾਕ ਤੇ ਜਨਤਕ ਵੰਡ ਮੰਤਰਾਲੇ ਅਤੇ ਕੇਂਦਰੀ ਵਿੱਤ ਮੰਤਰਾਲੇ ਨੂੰ ਸਲਾਹ ਦੇਣ ਦੀ ਅਪੀਲ ਕੀਤੀ ਤਾਂ ਕਿ ਆਪਸੀ ਸਹਿਮਤੀ ਰਾਹੀਂ ਸਭ ਨੂੰ ਪ੍ਰਵਾਨਿਤ ਪ੍ਰਣਾਲੀ ਤਿਆਰ ਕਰਨ ਲਈ ਕਿਸਾਨਾਂ, ਖੇਤ ਕਾਮਿਆਂ ਅਤੇ ਆੜ੍ਹਤੀਆਂ ਸਮੇਤ ਸਬੰਧਤ ਧਿਰਾਂ ਨਾਲ ਵਿਚਾਰ-ਵਟਾਂਦਰਾ ਆਰੰਭਿਆ ਜਾ ਸਕੇ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕਿਸਾਨਾਂ ਅਤੇ ਆੜ੍ਹਤੀਆਂ ਦਰਮਿਆਨ ਇਕ-ਦੂਜੇ ਦੀ ਨਿਰਭਰਤਾ ਵਾਲਾ ਰਿਸ਼ਤਾ ਕਈ ਪੀੜ੍ਹੀਆਂ ਤੋਂ ਬਣਿਆ ਹੋਇਆ ਹੈ ਜੋ ਖੇਤੀਬਾੜੀ ਪ੍ਰਣਾਲੀ ਨੂੰ ਮੌਜੂਦਾ ਪੱਧਰ ਤੱਕ ਪਹੁੰਚਾਉਣ ਵਿਚ ਮਦਦਗਾਰ ਸਾਬਤ ਹੋਇਆ। ਇੱਥੋਂ ਤੱਕ ਕਿ ਇਹ ਰਿਸ਼ਤਾ ਮਹੱਤਵਪੂਰਨ ਹੈ ਕਿ ਜਿਸ ਨਾਲ ਨਿਰਵਿਘਨ ਖਰੀਦ ਕੀਤੀ ਜਾਂਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਅਦਾਇਗੀ ਕਰਨ ਦਾ ਸਮਾਂ ਘਟਾਉਣ ਜਾਂ ਖਰੀਦ ਏਜੰਸੀਆਂ ਵੱਲੋਂ ਕਿਸਾਨਾਂ ਨੂੰ ਸਿੱਧੀ ਅਦਾਇਗੀ ਸਮੇਤ ਕਿਸ ਵੀ ਸੁਧਾਰ ਬਾਰੇ ਸਭ ਤੋਂ ਪਹਿਲਾਂ ਕਿਸਾਨਾਂ, ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਸਣੇ ਸਾਰੇ ਭਾਈਵਾਲਾਂ ਨਾਲ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ ਕਿਉਂਕਿ ਅਚਨਚੇਤ ਕੋਈ ਵੀ ਅਜਿਹਾ ਬਦਲਾਅ ਮੌਜੂਦਾ ਪ੍ਰਬੰਧਾਂ ਵਿਚ ਵਿਘਨ ਪੈਦਾ ਕਰਨ ਦਾ ਕਾਰਨ ਬਣੇਗਾ ਜੋ ਖਰੀਦ ਕਾਰਜਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਇਸ ਸਬੰਧੀ ਸੂਬਾ ਸਰਕਾਰ ਵੱਲੋਂ ਕੀਤੇ ਗਏ ਸੁਧਾਰਾਂ ਦਾ ਜਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਪੰਜਾਬ ਨੇ ਖਰੀਦ ਵਿਚ ਪਾਰਦਰਸ਼ਤਾ ਲਿਆਉਣ ਅਤੇ ਅਦਾਇਗੀ ਦੀ ਟਰੈਕਿੰਗ ਨੂੰ ਯਕੀਨੀ ਬਣਾਉਣ ਲਈ ਯਤਨ ਕੀਤੇ ਹਨ ਜਿਸ ਤਹਿਤ ਅਨਲਾਈਨ ਅਨਾਜਖਰੀਦ ਪੋਰਟਲ (http://anaajkharid.in) ਅਮਲ ਵਿਚ ਲਿਆਂਦਾ ਹੈ ਜਿਸ ਉਪਰ ਸਾਰੇ ਕਿਸਾਨਾਂ ਨੂੰ ਰਜਿਸਟਰਡ ਕੀਤਾ ਹੋਇਆ ਹੈ ਅਤੇ ਖਰੀਦ ਵੀ ਇਸ ਪੋਰਟਲ ਰਾਹੀਂ ਕੀਤੀ ਜਾਂਦੀ ਹੈ। ਆੜ੍ਹਤੀਆਂ ਨੂੰ ਅਦਾਇਗੀ ਵੀ ਇਸ ਅਨਾਜ ਖਰੀਦ ਪੋਰਟਲ ਦੇ ਜ਼ਰੀਏ ਹੀ ਆਨਲਾਈਨ ਕੀਤੀ ਜਾਂਦੀ ਹੈ ਅਤੇ ਆੜ੍ਹਤੀਏ ਵੱਲੋਂ ਕਿਸਾਨਾਂ ਨੂੰ ਕੀਤੀ ਜਾਂਦੀ ਅਦਾਇਗੀ ਦਾ ਵੀ ਅਨਾਜਖਰੀਦ ਪੋਰਟਲ ਉਪਰ ਰਿਕਾਰਡ ਦਰਜ ਹੁੰਦਾ ਹੈ ਅਤੇ ਇਹ ਪੋਰਟਲ ਭਾਰਤ ਸਰਕਾਰ ਦੇ ਪੀ.ਐਫ. ਐਮ.ਐਸ. ਪੋਰਟਲ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਸ ਬਾਰੇ ਕਿਸਾਨਾਂ ਪਾਸੋਂ ਅਦਾਇਗੀ ਬਾਰੇ ਕੋਈ ਵੱਡੀਆਂ ਸ਼ਿਕਾਇਤਾਂ ਨਹੀਂ ਮਿਲੀਆਂ। ਉਨ੍ਹਾਂ ਕਿਹਾ ਕਿ ਉਚ ਦਰਜੇ ਦੀ ਜਾਗੂਰਕਤਾ ਅਤੇ ਕਿਸਾਨਾਂ ਦਰਮਿਆਨ ਆਪਸੀ ਭਰੋਸਗੀ ਦੇ ਮੱਦੇਨਜ਼ਰ ਇਹ ਕਹਿਣਾ ਮੁਸ਼ਕਲ ਹੈ ਕਿ ਇਸ ਸਬੰਧੀ ਕਿਸਾਨ ਜਾਗਰੂਕ ਜਾਂ ਸਮਰੱਥਵਾਨ ਨਹੀਂ ਹਨ।