ਚੰਡੀਗੜ੍ਹ: ਟਾਂਡਾ (ਹੁਸ਼ਿਆਰਪੁਰ) ਦੇ ਪਿੰਡ ਜਲਾਲਪੁਰ 'ਚ 6 ਸਾਲਾ ਮਾਸੂਮ ਬੱਚੀ ਨਾਲ ਹੋਈ ਦਰਿੰਦਗੀ ਨੂੰ ਸਰਕਾਰ ਅਤੇ ਸਮਾਜ ਦੇ ਮੱਥੇ 'ਤੇ ਕਲੰਕ ਕਰਾਰ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਦੀਆਂ ਮਹਿਲਾਂ ਵਿਧਾਇਕਾਂਂ ਨੇ ਕਿਹਾ ਕਿ ਜੰਗਲ ਰਾਜ ਕਾਰਨ ਅਪਰਾਧੀ ਮਾਨਸਿਕਤਾ ਵਾਲੇ ਮਾੜੇ ਅਨਸਰਾਂ ਦੇ ਮਨ ‘ਚ ਕਾਨੂੰਨ ਵਿਵਸਥਾ ਦਾ ਕੋਈ ਡਰ ਭੈਅ ਨਹੀਂ। ਅਜਿਹੀ ਸਥਿਤੀ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਨਾ ਕਾਬਲੀਅਤ ਹੋਣ ਦੇ ਬਾਵਜੂਦ ਗ੍ਰਹਿ ਮੰਤਰਾਲਾ ਵੀ ਖ਼ੁਦ ਹੀ ਕਬਜ਼ਾਇਆ ਹੋਇਆ ਹੈ।
ਪਾਰਟੀ ਹੈਡਕੁਆਰਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੀ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਸੂਬੇ 'ਚ ਕਾਨੂੰਨ ਵਿਵਸਥਾ ਨਾਂਅ ਦੀ ਕੋਈ ਚੀਜ਼ ਨਹੀਂ। ਪੁਲਿਸ ਪ੍ਰਸ਼ਾਸਨ ਦੇ ਕੰਮਾਂ 'ਚ ਸੱਤਾਧਾਰੀਆਂ ਦੀ ਲੋੜੋਂ ਵੱਧ ਦਖ਼ਲ-ਅੰਦਾਜ਼ੀ ਅਤੇ ਬੇਕਾਬੂ ਭ੍ਰਿਸ਼ਟਾਚਾਰ ਨੇ ਸਭ ਕੁੱਝ ਤਹਿਸ ਨਹਿਸ ਕਰ ਛੱਡਿਆ ਹੈ। ਹਰ ਪਾਸੇ ਸਹਿਮ ਦਾ ਮਾਹੌਲ ਹੈ। ਸਿਰਫ਼ ਸਮਾਜ ਵਿਰੋਧੀ ਤੱਤਾਂ ਅਤੇ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ, ਪ੍ਰੰਤੂ ਸਿਸਵਾਂ ਸਥਿਤ ਸ਼ਾਹੀ ਫਾਰਮ ਹਾਊਸ 'ਚ ਮਸਤ ਮਹਾਰਾਜੇ ਨੂੰ ਨਾਂ ਕਿਸੇ ਮਾਸੂਮ ਬੱਚੀਆਂ ਦੀਆਂ ਚੀਕਾਂ ਸੁਣਦੀਆਂ ਹਨ ਨਾਂ ਹੀ ਇਨਸਾਫ਼ ਲਈ ਕੁਰਲਾਉਂਦੇ ਮਾਪਿਆਂ ਦੀਆਂ ਗੁਹਾਰਾਂ-ਫਰਿਆਦਾਂ ਸੁਣਾਈ ਦਿੰਦੀਆਂ ਹਨ।
ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਬਾਦਲਾਂ ਦੇ ਰਾਜ ਵਾਂਗ ਅਮਰਿੰਦਰ ਸਰਕਾਰ ਦੇ ਕਾਰਜਕਾਲ ਦੌਰਾਨ ਅਪਰਾਧੀ ਘਟਨਾਵਾਂ ਘਟਣ ਦੀ ਥਾਂ ਵੱਧ ਰਹੀਆਂ ਹਨ।