ਚੰਡੀਗੜ੍ਹ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (DY CM Sukhinder Singh Randhawa) ਵਲੋਂ ਆਰੂਸਾ ਆਲਮ (Aroosa Aalam) 'ਤੇ ਦਿੱਤੇ ਗਏ ਬਿਆਨ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਭੱਖ ਗਈ ਹੈ। ਕੈਪਟਨ ਅਮਰਿੰਦਰ ਸਿੰਘ (Captain Amrinder Singh) ਵਲੋਂ ਵੀ ਹੁਣ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਵਾਬ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਰੂਸਾ ਆਲਮ ਅਤੇ ਸੋਨੀਆ ਗਾਂਧੀ ਦੀ ਤਸਵੀਰ ਸਾਂਝੀ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਗਏ ਇਕ ਹੋਰ ਟਵੀਟ (Tweet) ਵਿਚ ਉਨ੍ਹਾਂ ਨੇ ਡਿਪਟੀ ਸੀ.ਐੱਮ. ਸੁਖਜਿੰਦਰ ਸਿੰਘ 'ਤੇ ਹਮਲਾ ਬੋਲਦਿਆਂ ਲਿਖਿਆ ਕਿ ਮੈਂ ਤੁਹਾਨੂੰ ਚੁਣੌਤੀ ਦਿੰਦਾ ਹਾਂ ਸੁਖਜਿੰਦਰ ਸਿੰਘ ਰੰਧਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਹੁੰ ਚੁੱਕਣ ਅਤੇ ਇਸ ਗੱਲ ਤੋਂ ਇਨਕਾਰ ਕਰਨ ਲਈ ਕਿ ਦੋਵੇਂ ਜਾਂਚ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਰਣਬੀਰ ਐੱਸ. ਖਟੜਾ ਤੁਹਾਡੀਆਂ ਸਿਫਾਰਿਸ਼ਾਂ 'ਤੇ ਨਿਯੁਕਤ ਕੀਤੇ ਗਏ ਸਨ। ਮੇਰੇ 'ਤੇ ਬੇਬੁਨਿਆਦ ਦੋਸ਼ ਲਗਾਉਣ ਦੀ ਬਜਾਏ ਆਪਣਾ ਕੰਮ ਕਰੋ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਵਿਚ ਲਿਖਿਆ, “ਸੁਖਜਿੰਦਰ ਸਿੰਘ ਰੰਧਾਵਾ ਹੁਣ ਤੁਸੀਂ ਨਿੱਜੀ ਹਮਲਿਆਂ ਤੇ ਆ ਗਏ ਹੋ, ਇੱਕ ਮਹੀਨੇ ਬਾਅਦ ਹੁਣ ਤੁਹਾਡੇ ਕੋਲ ਲੋਕਾਂ ਨੂੰ ਦਿਖਾਉਣ ਨੂੰ ਕੁਝ ਨਹੀਂ ਹੈ, ਤੁਹਾਡੇ ਬਰਗਾੜੀ ਅਤੇ ਨਸ਼ੇ ਦੇ ਕੇਸਾਂ ਵਾਲੇ ਵਾਅਦਿਆਂ ਦਾ ਕੀ ਹੋਇਆ? ਪੰਜਾਬ ਤੁਹਾਡੇ ਐਕਸ਼ਨ ਦੀ ਉਡੀਕ ਕਰ ਰਿਹਾ ਹੈ। ਤੁਸੀਂ ਮੇਰੀ ਕੈਬਨਿਟ ‘ਚ ਮੰਤਰੀ ਸੀ, ਉਦੋਂ ਅਰੂਸਾ ਆਲਮ ਬਾਰੇ ਸ਼ਿਕਾਇਤ ਕਰਦਿਆਂ ਤਾਂ ਮੈਂ ਤੁਹਾਨੂੰ ਕਦੇ ਨਹੀਂ ਸੁਣਿਆ ਅਤੇ ਉਹ ਤਾਂ 16 ਸਾਲਾਂ ਤੋਂ ਭਾਰਤ ਸਰਕਾਰ ਦੀ ਇਜਾਜ਼ਤ ਨਾਲ ਭਾਰਤ ਆਉਂਦੀ ਰਹੀ ਹੈ ਜਾਂ ਫਿਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ NDA ਅਤੇ UPA ਦੋਵੇਂ ਸਰਕਾਰਾਂ ISI ਨਾਲ ਮਿਲੀਆਂ ਹੋਈਆਂ ਹਨ। ਮੈਨੂੰ ਤਾਂ ਇਸ ਗੱਲ ਦਾ ਫਿਕਰ ਹੈ ਕਿ ਤਿਓਹਾਰਾਂ ਦੇ ਇਸ ਸੀਜ਼ਨ ‘ਚ ਜਦੋਂ ਮੁਲਕ ਵਿਚ ਵਧੇਰੇ ਖ਼ਤਰਾ ਪੈਦਾ ਹੋ ਗਿਆ ਹੈ ਤੇ ਸੁਖਜਿੰਦਰ ਰੰਧਾਵਾ ਤੁਸੀਂ ਲਾਅ ਐਂਡ ਆਰਡਰ ਸੰਭਾਲਣ ਦੀ ਬਜਾਏ ਪੰਜਾਬ ਦੀ ਸੁਰੱਖਿਆ ਦੀ ਕੀਮਤ ‘ਤੇ ਡੀਜੀਪੀ ਪੰਜਾਬ ਨੂੰ ਬੇਸਲੈਸ ਜਾਂਚ 'ਚ ਉਲਝਾ ਰਹੇ ਹੋ।”
ਕੈਪਟਨ ਦੇ ਟਵੀਟ ਦਾ ਸੁਖਜਿੰਦਰ ਸਿੰਘ ਰੰਧਾਵਾ ਨੇ ਜਵਾਬ ਦਿੱਤਾ ਅਤੇ ਕਿਹਾ ਕਿ ਉਹ ਇਕ ਸੱਚੇ ਦੇਸ਼ਭਗਤ ਹਨ। ਕੈਪਟਨ ਅਮਰਿੰਦਰ ਸਿੰਘ ਤੁਹਾਨੂੰ ਪਤਾ ਹੈ ਕਿ ਸਾਡੇ ਵਿਚਾਲੇ ਮਤਭੇਦ ਕਿਨ੍ਹਾਂ ਮੁੱਦਿਆਂ 'ਤੇ ਹੋਏ ਹਨ ਜਿੱਥੇ ਤੁਸੀਂ ਕਾਨੂੰਨ ਵਿਵਸਥਾ ਨੂੰ ਲੈ ਕੇ ਬੇਪਰਵਾਹ ਸਨ। ਤੁਹਾਨੂੰ ਦੱਸ ਦਈਏ ਕਿ ਅਸੀਂ ਪੰਜਾਬ ਸਰਕਾਰ ਨੂੰ ਆਊਟ ਸੋਰਸ 'ਤੇ ਕਿਸੇ ਤੋਂ ਨਹੀਂ ਲਿਆ ਹੈ। ਹੁਣ ਪੰਜਾਬ ਦੀ ਪੁਲਿਸ ਲੋਕਾਂ ਦੀ ਸੁਰੱਖਿਆ ਕਰ ਰਹੀ ਹੈ ਚੀਕੂ ਅਤੇ ਸੀਤਾਫਲ ਦੀ ਨਹੀਂ।