ਪੰਜਾਬ

punjab

ETV Bharat / city

ਕੈਪਟਨ ਦਾ ਕੇਜਰੀਵਾਲ 'ਤੇ ਤੰਜ -ਕੇਂਦਰ ਤੋਂ ਮਦਦ ਲੈ ਕੇ ਨਹੀਂ ਕਰਦੇ ਸ਼ੋਸ਼ੇਬਾਜ਼ੀਆ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਰਾਜਧਾਨੀ ਅੰਦਰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਫਲ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਗਏ ਹਨ। ਇਨ੍ਹਾਂ ਦਾਅਵਿਆਂ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਸੀਐਮ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਵਿਡ-19 ਤੋਂ ਬਚਾਅ ਕਰਨ 'ਚ ਸਮਰੱਥ ਹੈ।

ਕੈਪਟਨ ਦਾ ਕੇਜਰੀਵਾਲ 'ਤੇ ਤੰਜ
ਕੈਪਟਨ ਦਾ ਕੇਜਰੀਵਾਲ 'ਤੇ ਤੰਜ

By

Published : Sep 4, 2020, 6:27 PM IST

ਚੰਡੀਗੜ੍ਹ : ਕੇਜਰੀਵਾਲ ਸਰਕਾਰ ਵੱਲੋਂ ਰਾਜਧਾਨੀ ਅੰਦਰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਫ਼ਲ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਝੂਠਾ ਦੱਸਿਆ ਹੈ। ਕੈਪਟਨ ਨੇ 'ਆਪ' ਆਗੂਆਂ ਵੱਲੋਂ ਆਕਸੀਜਨ ਲੈਵਲ ਚੈਕ ਕਰਨ ਦੀ ਪਹੁੰਚ, ਕੋਵਿਡ ਬਚਾਅ ਦੇ ਪ੍ਰਬੰਧਾਂ ਲਈ ਕੇਂਦਰ ਤੋਂ ਮਦਦ ਨੂੰ ਲੈ ਕੇ ਕੇਜਰੀਵਾਲ 'ਤੇ ਤੰਜ ਕਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੀ ਮਦਦ ਤੋਂ ਬਿਨਾਂ ਵੀ ਕੋਵਿਡ-19 ਤੋਂ ਬਚਾਅ ਕਰਨ ਲਈ ਪ੍ਰਬੰਧ ਕਰਨ 'ਚ ਸਮਰੱਥ ਹੈ।

ਲੋਕ ਭਲਾਈ ਤੋਂ ਵੱਧ ਸਿਆਸੀ ਹਿੱਤਾਂ ਨੂੰ ਅਹਿਮੀਅਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਵੱਲੋਂ ਕੋਵਿਡ ਇਲਾਜ ਲਈ ਸਫਲ ਦਾਅਵੇ ਹੈਰਾਨੀਜਨਕ ਹਨ। ਉਨ੍ਹਾਂ ਆਖਿਆ ਕਿ ਪੰਜਾਬ 'ਚ ' ਆਪ ' ਆਗੂਆਂ ਵੱਲੋਂ ਲੋਕਾਂ ਦੀ ਭਲਾਈ ਛੱਡ ਕੇ ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾ ਰਹੀ ਹੈ।

ਕੈਪਟਨ ਨੇ ਕਿਹਾ ਕਿ ਜਿਥੇ ਇੱਕ ਪਾਸੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਕੋਰੋਨਾ ਦੇ ਸੰਕਟ 'ਚ ਇੱਕਜੁਟ ਹੋ ਕੇ ਲੜਨ ਦੀ ਗੱਲ ਕਰਦੇ ਹਨ, ਉਥੇ ਹੀ ਦੂਜੇ ਪਾਸੇ ਉਹ ਪਾਕਿਸਤਾਨ ਵੱਲੋਂ ਮਹਾਂਮਾਰੀ ਨੂੰ ਲੈ ਕੇ ਗਲਤ ਪ੍ਰਚਾਰ ਜ਼ਰੀਏ ਸਾਡੇ ਸੂਬੇ ਅੰਦਰ ਮੁਸ਼ਕਲਾਂ ਪੈਦਾ ਕਰਨ ਦੇ ਲਗਾਤਾਰ ਕੀਤੇ ਜਾ ਰਹੇ ਯਤਨਾਂ ਨੂੰ ਖੁੱਲ੍ਹੇ ਤੌਰ 'ਤੇ ਢੀਠਤਾ ਨਾਲ ਅੱਖੋਂ ਪਰੋਖੇ ਕਰ ਰਹੇ ਹਨ।

'ਆਪ' ਆਗੂਆਂ ਵੱਲੋਂ ਦਿੱਤੇ ਜਾ ਰਹੇ ਗ਼ਲਤ ਬਿਆਨ

ਕੁੱਝ ਆਪ ਆਗੂਆਂ ਵੱਲੋਂ ਜਾਰੀ ਪ੍ਰੈਸ ਤੇ ਵੀਡੀਓ ਬਿਆਨਾ 'ਤੇ ਸਖ਼ਤ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪ ਆਗੂ ਸਮਾਜ ਵਿਰੋਧੀ ਅਨਸਰਾਂ ਦੁਆਰਾ ਸੂਬੇ ਦੇ ਪਿੰਡਾਂ ਵਿੱਚ ਕੋਵਿਡ ਸਬੰਧੀ ਫੈਲਾਈ ਜਾ ਰਹੀ ਗਲਤ ਜਾਣਕਾਰੀ ਦੀ ਨਿੰਦਾ ਕਰਨ ਨਾਲੋਂ ਉਨ੍ਹਾਂ ਉਪਰ ਨਿੱਜੀ ਹਮਲੇ ਕਰਨ 'ਤੇ ਵਧੇਰੇ ਕੇਂਦਰਤ ਜਾਪਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਸੂਬੇ ਅੰਦਰ ਪੂਰੀ ਤਰ੍ਹਾਂ ਲੋਕਾਂ ਦਾਭਰੋਸਾ ਗਵਾ ਚੁੱਕੀ ਆਮ ਆਦਮੀ ਪਾਰਟੀ ਆਪਣਾ ਏਜੰਡਾ ਅੱਗੇ ਵਧਾਉਣ ਵਿੱਚ ਕਿਸ ਹੱਦ ਤੱਕ ਥੱਲੇ ਡਿੱਗਣ ਲਈ ਤਿਆਰ ਹੈ।

ਮੁੱਖ ਮੰਤਰੀ ਨੇ ਚੁਟਕੀ ਲੈਂਦਿਆਂ ਕਿਹਾ ਕਿ ਜਾਅਲੀ ਖਬਰਾਂ ਦੀਆਂ ਵੀਡੀਓ ਜੋ ਕੋਵਿਡ ਸਬੰਧੀ ਪੰਜਾਬ ਦੇ ਲੋਕਾਂ 'ਚ ਡਰ ਅਤੇ ਗਲਤ ਜਾਣਕਾਰੀ ਫੈਲਾਉਣ ਲਈ ਪਾਕਿਸਤਾਨ ਤੋਂ ਚਲਾਈਆਂ ਜਾਪਦੀਆਂ ਹਨ। ਇਸ ਬਾਰੇ ਆਮ ਆਦਮੀ ਪਾਰਟੀ ਵੱਲੋਂ ਇੱਕ ਸ਼ਬਦ ਵੀ ਨਹੀਂ ਕਿਹਾ ਗਿਆ ਅਤੇ ਅਜਿਹੀ ਵੀਡੀਓ ਫੈਲਾਉਣ ਲਈ ਆਪ ਦੇ ਵਰਕਰ ਦੀ ਗ੍ਰਿਫਤਾਰੀ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਆਮ ਆਦਮੀ ਪਾਰਟੀ ਨਹੀਂ ਚਾਹੁੰਦੀ ਕਿ ਲੋਕ ਇਸ ਮਨਘੜਤ ਅਤੇ ਝੂਠੀਆਂ ਅਫ਼ਵਾਹਾਂ ਪ੍ਰਤੀ ਜਾਗਰੂਕ ਹੋਣ ਸਗੋਂ ਅਸਲ ਵਿੱਚ ਸਿਆਸੀ ਲਾਹਾ ਖੱਟਣਾ ਚਾਹੁੰਦੇ ਹਨ। ਉਨ੍ਹਾਂ ਪੁੱਛਿਆ ਕਿ ''ਕੀ ਇਹ ਸਰਹੱਦ ਪਾਰੋਂ ਆਪਰੇਟ ਕਰ ਰਹੇ ਸਮਾਜ ਅਤੇ ਪੰਜਾਬ ਵਿਰੋਧੀ ਏਜੰਟਾਂ ਦੇ ਹੱਥਾਂ ਵਿੱਚ ਖੇਡਣ ਦੇ ਤੁੱਲ ਨਹੀਂ ਹੈ?''

ਕੇਜਰੀਵਾਲ ਸਰਕਾਰ ਦੇ ਕੋਵਿਡ ਬਚਾਅ ਦੇ ਸਫਲ ਪ੍ਰਬੰਧ ਦੇ ਦਾਅਵੇ ਝੂਠੇ

ਕੈਪਟਨ ਅਮਰਿੰਦਰ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ 'ਆਪ' ਵਰਕਰਾਂ ਵੱਲੋਂ ਔਕਸੀਮੀਟਰਾਂ ਨਾਲ ਪੰਜਾਬ ਦੇ ਪਿੰਡਾਂ ਵਿੱਚ ਜਾਣ ਬਾਰੇ ਐਲਾਨ ਤੋਂ ਸਾਡੇ ਰਾਜ, ਜਿੱਥੇ ਆਮ ਆਦਮੀ ਪਾਰਟੀ ਦਾ ਕੋਈ ਰਾਜਨੀਤਿਕ ਸਟੈਂਡ ਨਹੀਂ ਹੈ, ਦੇ ਲੋਕਾਂ ਦਾ ਸਮਰਥਨ ਲੈਣ ਲਈ ਉਨ੍ਹਾਂ ਦੀ ਨਿਰਾਸ਼ਾ ਜ਼ਾਹਰ ਹੋਈ ਹੈ। ਕੇਜਰੀਵਾਲ ਸਰਕਾਰ ਦੇ ਉਲਟ ਜਿਸ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਕੋਰੋਨਾ ਦੇ ਮਾਮਲੇ ਵਧਣ 'ਤੇ ਕੇਂਦਰ ਤੋਂ ਮਦਦ ਦੀ ਬੇਨਤੀ ਕਰਨੀ ਪਈ, ਪੰਜਾਬ ਇਸ ਸੰਕਟ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ 10,000 ਪਲਿਸ ਔਕਸੀਮੀਟਰਾਂ ਦੀ ਪਹਿਲਾਂ ਹੀ ਖਰੀਦ ਅਤੇ ਵੰਡ ਕਰ ਦਿੱਤੀ ਗਈ ਹੈ ਅਤੇ ਫਰੰਟਲਾਈਨ ਹੈਲਥ ਵਰਕਰਾਂ, ਘਰੇਲੂ ਏਕਾਂਤਵਾਸ ਵਿਚਲੇ ਮਰੀਜ਼ਾਂ ਆਦਿ ਦੀ ਸਹਾਇਤਾ ਲਈ ਹੋਰ 50,000 ਔਕਸੀਮੀਟਿਰਾਂ ਦੀ ਖਰੀਦ ਲਈ ਟੈਂਡਰ ਦਿੱਤੇ ਗਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਉਪਕਰਨਾਂ ਦੀ ਕੋਈ ਘਾਟ ਨਹੀਂ ਹੈ ਅਤੇ ਅੱਗੇ ਕਿਹਾ ਕਿ ਇਹ ਦਿੱਲੀ ਹੀ ਹੈ ਜਿਸ ਨੂੰ ਸਦਾ ਦੂਜਿਆਂ ਦੀ ਮਦਦ ਦੀ ਲੋੜ ਜਾਪਦੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਯਾਦ ਦਿਵਾਇਆ ਕਿ ਕੌਮੀ ਰਾਜਧਾਨੀ ਵਿੱਚ ਕੋਵਿਡ ਸੰਕਟ ਦੇ ਪ੍ਰਬੰਧਨ ਲਈ ਕਿਵੇਂ ਕੇਂਦਰੀ ਗ੍ਰਹਿ ਅਤੇ ਸਿਹਤ ਮੰਤਰੀਆਂ ਨੂੰ ਨਿੱਜੀ ਅਤੇ ਸਿੱਧੇ ਤੌਰ 'ਤੇ ਦਖ਼ਲ ਦੇਣਾ ਪਿਆ।

ਦਿੱਲੀ ਸਰਕਾਰ ਵੱਲੋਂ ਕੋਵਿਡ ਨਾਲ ਨਜਿੱਠਣ ਦੇ ਮਾਮਲੇ ਵਿੱਚ ਆਪ ਆਗੂਆਂ ਦੇ ਝੂਠ 'ਤੇ ਵਰ੍ਹਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਰਾਜਧਾਨੀ ਵਿੱਚ 4500 ਤੋਂ ਵੱਧ ਮੌਤਾਂ ਹੋ ਚੁੱਕੀਆਂ ਹੁੰਦੀਆਂ ਹਨ ਜਦੋਂ ਕਿ ਪੰਜਾਬ ਵਿੱਚ ਇਹ ਗਿਣਤੀ 1690 ਹੈ। ਦਿੱਲੀ ਵਿੱਚ ਇਕ ਮਿਲੀਅਨ ਪਿੱਛੇ ਮੌਤ ਦਰ 268.6 ਹੈ ਜਦੋਂ ਕਿ ਪੰਜਾਬ ਵਿੱਚ 60.9 ਹੈ। ਦਿੱਲੀ ਦੀ ਬਦਤਰ ਹਾਲਤ ਦਾ ਅੰਦਾਜ਼ਾ ਅੱਗੇ ਇਸ ਸਥਿਤੀ ਤੋਂ ਲੱਗਦਾ ਹੈ ਕਿ ਕੇਸਾਂ ਦੇ ਮਾਮਲੇ ਵਿੱਚ ਦਿੱਲੀ ਦੇਸ਼ ਵਿੱਚ ਛੇਵੇਂ ਸਥਾਨ ਉਤੇ ਹੈ ਜਦੋਂ ਕਿ ਪੰਜਾਬ 17ਵੇਂ ਉਤੇ ਹੈ। ਦਿੱਲੀ ਵਿੱਚ ਮੌਜੂਦ 14151 ਬੈਡਾਂ ਦੇ ਮੁਕਾਬਲੇ ਪੰਜਾਬ ਵਿੱਚ ਬੈਡਾਂ ਦੀ ਗਿਣਤੀ 21431 ਹੈ। ਇਹ ਅੰਕੜੇ ਦਿੱਲੀ ਦੀ ਬਦਇੰਤਜ਼ਾਮੀ ਦੀ ਦਾਸਤਾਨ ਨੂੰ ਬਿਆਨ ਕਰਦੇ ਹਨ ਜਿੱਥੇ ਪੰਜਾਬ ਦੀ 3.2 ਕਰੋੜ ਵਸੋਂ ਦੇ ਮੁਕਾਬਲੇ 2.8 ਕਰੋੜ ਵਸੋਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਟੈਸਟਾਂ ਦਾ ਸਵਾਲ ਹੈ 10 ਅਪਰੈਲ ਤੋਂ 2 ਸਤੰਬਰ ਤੱਕ ਦਿੱਲੀ ਨੇ ਟੈਸਟਾਂ ਦੀ ਗਿਣਤੀ 154 ਗੁਣਾਂ ਵਧਾਈ ਹੈ ਜਦੋਂ ਕਿ ਪੰਜਾਬ ਨੇ ਇਹੋ ਵਾਧਾ 519.1 ਗੁਣਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਥੋਂ ਤੱਕ ਕੌਮੀ ਰਾਜਧਾਨੀ ਦੀ ਨਾਜ਼ੁਕ ਹਾਲਤ ਦੇ ਚੱਲਦਿਆਂ ਉਥੇ ਗੋਲਡ ਸਟੈਂਡਰਡ ਆਰ.ਟੀ.-ਪੀ.ਸੀ.ਆਰ. ਦੀ ਬਜਾਏ ਰੈਪਿਡ ਐਟੀਜਨ ਟੈਸਟਿੰਗ ਦੀ ਜ਼ਿਆਦਾ ਜ਼ਰੂਰਤ ਸੀ।

ABOUT THE AUTHOR

...view details