ਚੰਡੀਗੜ੍ਹ:ਕੇਂਦਰ ਸਰਕਾਰ (Central Government) ਵੱਲੋਂ ਬੀਐੱਸਐੱਫ (BSF) ਨੂੰ ਦਿੱਤੇ ਵੱਧ ਅਧਿਕਾਰਾਂ ਨੂੰ ਲੈਕੇ ਪੰਜਾਬ ਦੀ ਸਿਆਸਤ ਗਰਮਾ ਚੁੱਕੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਵੱਲੋਂ ਕੇਂਦਰ ਸਰਕਾਰ ਵੱਲੋਂ ਲਏ ਗਏ ਫੈਸਲੇ ਦਾ ਪਿਛਲੇ ਦਿਨੀਂ ਸਮਰਥਨ ਕਰਦੇ ਹੋਏ ਟਵੀਟ ਕੀਤਾ ਗਿਆ ਸੀ ਅਤੇ ਕੇਂਦਰ ਦੇ ਫੈਸਲੇ ਨੂੰ ਰਾਸ਼ਟਰੀ ਸੁਰੱਖਿਆ ਨੂੰ ਲੈਕੇ ਸਹੀ ਦੱਸਿਆ ਗਿਆ ਸੀ। ਕੈਪਟਨ ਦੇ ਇਸ ਟਵੀਟ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਵੱਲੋਂ ਉਨ੍ਹਾਂ ਨੂੰ ਨਿਸ਼ਾਨੇ ਉੱਪਰ ਲਿਆ ਗਿਆ।
ਇਸਦੇ ਚੱਲਦੇ ਹੀ ਸਿੱਧੂ ਦੇ ਖਾਸਮਖਾਮ ਮੰਨੇ ਜਾਂਦੇ ਕੈਬਨਿਟ ਮੰਤਰੀ ਪਰਗਟ ਸਿੰਘ (Cabinet Minister Pargat Singh) ਦੇ ਵੱਲੋਂ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਗਿਆ ਹੈ। ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਉੱਪਰ ਇਲਜ਼ਾਮ ਲਗਾਏ ਗਏ ਹਨ ਕਿ ਉਹ ਹਮੇਸ਼ਾ ਇਹੀ ਕਹਿੰਦੇ ਰਹੇ ਹਨ ਕਿ ਕੈਪਟਨ ਬੀਜੇਪੀ ਨਾਲ ਮਿਲੇ ਹੋਏ ਹਨ। ਪਰਗਟ ਸਿੰਘ ਨੇ ਕਿਹਾ ਕਿ ਜੇਕਰ ਤੁਸੀਂ ਸੂਬੇ ਦੇ ਵਿੱਚ ਬੀਐਸਐਫ ਨੂੰ ਵੱਧ ਅਧਿਕਾਰ ਦੇ ਰਹੇ ਹੋ ਤਾਂ ਇਸਦਾ ਮਤਲਬ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਗਵਰਨਰ ਰਾਜ ਲਗਾਉਣਾ ਚਾਹੁੰਦੇ ਹੋ।