ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕ ਨਿਰਮਾਣ ਵਿਭਾਗ ਨੂੰ ਬਟਾਲਾ ਵਿੱਚ ਪ੍ਰਸਤਾਵਿਤ ਨਵੀਂ ਸੜਕ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਦੀ ਵਿਰਾਸਤੀ ਇਮਾਰਤ ਰਾਹੀਂ ਬਣਾਉਣ ਦੀ ਥਾਂ ਬਦਲਵਾਂ ਰੂਟ ਲੱਭਣ ਦੇ ਹੁਕਮ ਦਿੱਤੇ ਹਨ।
140 ਸਾਲ ਤੋਂ ਵੱਧ ਸਮਾਂ ਪਹਿਲਾਂ 1 ਅਪ੍ਰੈਲ, 1878 ਨੂੰ ਬੇਰਿੰਗ ਸਕੂਲ ਵਜੋਂ ਸਥਾਪਤ ਹੋਈ ਇਸ ਸੰਸਥਾ ਦੇ ਖੇਡ ਮੈਦਾਨ ਰਾਹੀਂ ਸੜਕ ਬਣਾਉਣ ਬਾਰੇ ਲੋਕ ਨਿਰਮਾਣ ਵਿਭਾਗ ਦੇ ਪ੍ਰਸਤਾਵ 'ਤੇ ਵਿਦਿਆਰਥੀਆਂ ਅਤੇ ਸਥਾਨਕ ਵਾਸੀਆਂ ਨੇ ਰੋਸ ਜ਼ਾਹਰ ਕਰਨ ਦਾ ਨੋਟਿਸ ਲਿਆ। ਇਸ ਸਬੰਧੀ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਵਿਰਾਸਤੀ ਇਮਾਰਤ ਨੂੰ ਕਿਸੇ ਵੀ ਢੰਗ ਨਾਲ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਕੈਪਟਨ ਨੇ ਕਿਹਾ ਕਿ ਇਸ ਇਮਾਰਤ ਨੇ ਮਹਾਰਾਜਾ ਸ਼ੇਰ ਸਿੰਘ ਦੇ ਸਮਰ ਪੈਲੇਸ ਵਜੋਂ ਵੀ ਸੇਵਾ ਨਿਭਾਈ ਅਤੇ ਦਹਾਕਿਆਂ ਤੋਂ ਇਸ ਘੱਟ ਗਿਣਤੀ ਸੰਸਥਾ 'ਚੋਂ ਬਹੁਤ ਸਾਰੀਆਂ ਉੱਘੀਆਂ ਸ਼ਖਸੀਅਤਾਂ ਦਾ ਵਿਕਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਲਜ ਦੇ ਖੇਡ ਮੈਦਾਨ ਰਾਹੀਂ ਨਵੀਂ ਸੜਕ ਬਣਾਉਣ ਦੀ ਇਜਾਜ਼ਤ ਦੇਣੀ ਖੇਤਰ ਦੇ ਲੋਕਾਂ ਦੇ ਹਿੱਤ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਇਲਾਕੇ ਦੇ ਲੋਕਾਂ ਲਈ ਨਵੀਂ ਸੜਕ ਬਣਾਉਣੀ ਹੈ ਤਾਂ ਇਸ ਉਦੇਸ਼ ਨੂੰ ਬਦਲਵੇ ਰੂਟ ਰਾਹੀਂ ਸੌਖਿਆ ਹੀ ਪੂਰਾ ਕੀਤਾ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰੇ ਲੋਕਾਂ ਖਾਸ ਕਰਕੇ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਲਈ ਪੂਰਨ ਤੌਰ 'ਤੇ ਵਚਨਬੱਧ ਹੈ ਅਤੇ ਅਜਿਹਾ ਕੋਈ ਵੀ ਕਦਮ ਨਹੀਂ ਚੁੱਕਿਆ ਜਾਵੇਗਾ ਜਿਸ ਨਾਲ ਇਨ੍ਹਾਂ ਲੋਕਾਂ ਦੇ ਹਿੱਤਾਂ ਨੂੰ ਢਾਹ ਲਗਦੀ ਹੋਵੇ। ਜ਼ਿਕਰਯੋਗ ਹੈ ਕਿ ਬਟਾਲਾ ਬੁਆਏਜ਼ ਬੋਰਡਿੰਗ ਸਕੂਲ ਨੇ ਸਵਰਗੀ ਮਹਾਰਾਜਾ ਸ਼ੇਰ ਸਿੰਘ ਦੇ ਮਹੱਲ ਜਿਸ ਨੂੰ ਅਨਾਰਕਲੀ ਆਖਿਆ ਜਾਂਦਾ ਸੀ, ਵਿੱਚ ਕਲਾਸਾਂ ਸ਼ੁਰੂ ਕੀਤੀਆਂ ਸਨ।
ਇਤਿਹਾਸਕ ਰਿਕਾਰਡ ਮੁਤਾਬਕ ਇਹ ਮਹੱਲ ਹੌਲੀ-ਹੌਲੀ ਸਕੂਲ ਵਿੱਚ ਤਬਦੀਲ ਹੋ ਗਿਆ ਜਿੱਥੇ ਕਲਾਸ ਰੂਮ, ਸੌਣ ਕਮਰੇ ਅਤੇ ਪੂਜਾ ਸਥਾਨ ਸੀ। ਇਹ ਬਟਾਲਾ ਕਸਬੇ ਅਤੇ ਤਹਿਸੀਲ ਵਿੱਚ ਪੱਛਮੀ ਸਿੱਖਿਆ ਦੀ ਸਥਾਪਨਾ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਜਿਸ ਨਾਲ ਇਹ ਵਿਦਿਅਕ ਇਮਾਰਤ ਨਾ ਸਿਰਫ ਬਟਾਲਾ ਲਈ ਸਗੋਂ ਪੰਜਾਬ ਲਈ ਵੀ ਮਹੱਤਵਪੂਰਨ ਚਿੰਨ੍ਹ ਬਣ ਗਈ।