ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਸ਼ੁੱਕਰਵਾਰ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੀ ਸਕੀਮ ਦੇ ਦੂਸਰੇ ਗੇੜ ਤਹਿਤ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨਾਂ ਦੀ ਵੰਡ ਕੀਤੀ। ਮੋਹਾਲੀ ਦੇ ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੌਰਾਨ ਮੁੱਖ ਮੰਤਰੀ ਨੇ ਮੋਹਾਲੀ ਦੇ ਪਿੰਡ ਬਹਿਲੋਲਪੁਰ ਸਕੂਲ ਨੂੰ 12ਵੀਂ ਜਮਾਤ ਤੱਕ ਵਧਾਉਣ ਦਾ ਕੀਤਾ ਐਲਾਨ ਕੀਤਾ, ਉਥੇ ਉਨ੍ਹਾਂ ਨੇ ਪਿੰਡ ਦੇ ਸਕੂਲ ਦਾ ਨਾਂਅ ਪਿੰਡ ਦੇ ਸ਼ਹੀਦ ਕੈਪਟਨ ਅਮੀ ਚੰਦ ਦੇ ਨਾਂਅ 'ਤੇ ਰੱਖਣ ਬਾਰੇ ਵੀ ਕਿਹਾ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸਰਹੱਦੀ ਸਕੂਲ ਹੋਣ ਕਾਰਨ ਇਥੇ ਕੋਈ ਅਧਿਆਪਕ ਪੜ੍ਹਾਉਣ ਨਹੀਂ ਆਉਂਦਾ ਸੀ, ਪਰ ਹੁਣ ਸਾਰੇ ਸਰਹੱਦੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉਚਾ ਚੁੱਕਿਆ ਗਿਆ ਹੈ ਅਤੇ ਅਧਿਆਪਕ ਪੜ੍ਹਾ ਰਹੇ ਹਨ।
ਮੁੱਖ ਮੰਤਰੀ ਨੇ ਸੋਹਾਣਾ ਵਿਖੇ ਕੁੜੀਆਂ ਦੇ ਸਕੂਲ ਦੀ ਇਮਾਰਤ ਨੂੰ ਹੋਰ ਵਧੀਆ ਬਣਾਉਣ ਲਈ 25 ਲੱਖ ਰੁਪਏ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ।
ਕੈਪਟਨ ਨੇ ਕਿਹਾ ਕਿ ਉਹ ਸਕੂਲਾਂ ਵਿੱਚ ਚੀਨੀ ਭਾਸ਼ਾ ਵੀ ਸ਼ੁਰੂ ਕਰਨਾ ਚਾਹੁੰਦੇ ਸਨ ਪਰ ਅਧਿਆਪਕ ਨਾ ਮਿਲਣ ਕਾਰਨ ਸ਼ੁਰੂ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਉਹ ਸਕੂਲਾਂ ਵਿੱਚ ਜ਼ਿੰਮ ਬਣਾਉਣ ਬਾਰੇ ਵੀ ਵਿਚਾਰ ਕਰ ਰਹੇ ਹਨ ਤਾਂ ਜੋ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਰੀਰਕ ਤੰਦਰੁਸਤੀ ਬਾਰੇ ਜਾਗਰੂਕ ਕੀਤਾ ਜਾ ਸਕੇ।
ਸਮਾਰਟ ਫੋਨ ਵੰਡ ਸਕੀਮ ਤਹਿਤ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੀਮ ਦੇ ਦੂਜੇ ਗੇੜ ਵਿੱਚ ਜ਼ਿਲ੍ਹੇਵਾਰ ਕੁੱਲ 80 ਹਜ਼ਾਰ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਸੂਬੇ ਦੇ ਕੁੱਲ 1 ਲੱਖ 44 ਹਜ਼ਾਰ ਬੱਚਿਆਂ ਨੂੰ ਫੋਨ ਵੰਡੇ ਜਾਣੇ ਹਨ, ਜਿਨ੍ਹਾਂ ਵਿੱਚੋਂ 50 ਹਜ਼ਾਰ ਫੋਨ ਪਹਿਲੇ ਪੜਾਅ ਵਿੱਚ ਵੰਡੇ ਗਏ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਨੇ ਸਿੱਖਿਆ ਨੂੰ ਉਚਾ ਚੁੱਕਣ ਲਈ ਅਤੇ ਸਮਾਰਟ ਫੋਨ ਵੰਡ ਲਈ ਕੁੱਲ 88 ਕਰੋੜ ਰੁਪਏ ਮੁਹਈਆ ਕਰਵਾਏ ਗਏ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮਾਰਟਫੋਨ ਵੰਡ ਸਕੀਮ ਦੇ ਦੂਜੇ ਗੇੜ ਦੀ ਸ਼ੁਰੂਆਤ
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਸਿੱਖਿਆ ਸੁਧਾਰ ਤਹਿਤ 7 ਹਜ਼ਾਰ 842 ਸਕੂਲ ਸਮਾਰਟ ਬਣਾਏ ਗਏ ਹਨ, ਜਿਨ੍ਹਾਂ ਵਿੱਚ ਐਨਆਰਆਈਜ਼ ਤੋਂ ਲੈ ਕੇ ਹਰ ਇੱਕ ਵਿਅਕਤੀ ਨੇ ਯੋਗਦਾਨ ਪਾਇਆ ਹੈ। ਇਸਤੋਂ ਇਲਾਵਾ ਸਾਲ ਅੰਦਰ ਲਗਭਗ 14 ਹਜ਼ਾਰ ਹੋਰ ਸਮਾਰਟ ਸਕੂਲ ਅਤੇ ਸਮਾਰਟ ਕਲਾਸਾਂ ਬਣਾਉਣ ਬਾਰੇ ਵੀ ਕਿਹਾ।
ਸਮਾਗਮ ਦੌਰਾਨ ਹਾਜ਼ਰ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸਮਾਰਟਫੋਨ ਲੈਣ ਵਾਲੇ ਸਾਰੇ ਵਿਦਿਆਰਥੀ ਹੀ ਤੁਹਾਡੇ ਵੋਟਰ ਬਣਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤੀ ਇਹ ਸਮਾਰਟ ਫੋਨ ਸਕੀਮ ਤਹਿਤ 12ਵੀਂ ਕਲਾਸ ਦੇ ਸਾਰੇ ਵਿਦਿਆਰਥੀਆਂ ਨੂੰ ਇਮਤਿਹਾਨ ਸ਼ੁਰੂ ਹੋਣ ਤੋਂ ਪਹਿਲਾਂ ਫੋਨ ਵੰਡੇ ਜਾਣਗੇ।