ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਵੱਖ-ਵੱਖ ਵਿਦੇਸ਼ੀ ਨੁਮਾਇੰਦਿਆਂ ਅਤੇ ਸਫੀਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸੂਬੇ ਵਿੱਚ ਨਿਵੇਸ਼ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਮੁਲਕਾਂ ਦੇ ਸਫੀਰਾਂ ਨੂੰ ਮੋਹਾਲੀ ਵਿਖੇ ਇਸ ਸਾਲ 5 ਤੇ 6 ਦਸੰਬਰ ਨੂੰ ਕਰਾਏ ਜਾ ਰਹੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਵਿੱਚ ਸ਼ਾਮਲ ਹੋਣ ਦਾ ਨਿੱਜੀ ਤੌਰ ’ਤੇ ਸੱਦਾ ਦਿੱਤਾ ਹੈ।
ਇਨਵੈਸਟ ਸੰਮੇਲਨ ਤੋਂ ਪਹਿਲਾਂ ਹੋਏ ਇਸ ਸੰਵਾਦ ਪ੍ਰੋਗਰਾਮ ਵਿੱਚ 25 ਤੋਂ ਵੱਧ ਮੁਲਕਾਂ ਜਿਨਾਂ ਵਿੱਚ ਅਮਰੀਕਾ, ਯੂ.ਕੇ., ਸਪੇਨ, ਕਤਰ, ਫਰਾਂਸ, ਇਸਰਾਈਲ, ਕੈਨੇਡਾ, ਜਪਾਨ, ਸੰਯੁਕਤ ਅਰਬ ਅਮੀਰਾਤ, ਤਾਈਵਾਨ, ਸਲੋਵਾਕ ਗਣਰਾਜ ਤੇ ਚੈਕ ਗਣਰਾਜ ਆਦਿ ਸ਼ਾਮਲ ਸਨ, ਉਨ੍ਹਾਂ ਦੇ ਰਾਜਦੂਤ, ਵਪਾਰਕ ਸੰਸਥਾਵਾਂ ਅਤੇ ਵਿਦੇਸ਼ੀ ਸਫ਼ਾਰਤਖਾਨਿਆਂ ਦੇ ਨੁਮਾਇੰਦੇ ਡੈਲੀਗੇਟ ਵਜੋਂ ਸ਼ਾਮਲ ਹੋਏ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਮੇਲਨ ਪੰਜਾਬ ਨੂੰ ਉਦਯੋਗੀਕਰਨ ਦੇ ਰਾਹ ’ਤੇ ਅੱਗੇ ਲਿਜਾਣ ਵਿੱਚ ਮੀਲ ਪੱਥਰ ਸਾਬਤ ਹੋਵੇਗਾ ਜਿਸ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਵਪਾਰ ਕਰਨ ਦੇ ਮੌਕਿਆਂ ਦੀਆਂ ਅਥਾਹ ਸੰਭਾਵਨਾਵਾਂ ਬਾਰੇ ਪਤਾ ਲੱਗੇਗਾ। ਮੁੱਖ ਮੰਤਰੀ ਨੇ ਰਾਜਦੂਤਾਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਆਪੋ-ਆਪਣੇ ਮੁਲਕਾਂ ਦੇ ਮੋਹਰੀ ਉਦਯੋਗਾਂ ਅਤੇ ਉੱਦਮੀਆਂ ਨੂੰ ਪੰਜਾਬ ਭੇਜਣ ਜੋ ਇਥੇ ਨਿਵੇਸ਼ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਇਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਵਿਅਕਤੀਗਤ ਤੌਰ ’ਤੇ ਵੀ ਉਦਮੀ ਹਿੱਸਾ ਲੈ ਸਕਦੇ ਹਨ।
ਕੈਪਟਨ ਨੇ ਕਿਹਾ ਕਿ ਸੂਬੇ ਵਿੱਚ ਨਿਵੇਸ਼ ਪੱਖੀ ਨੀਤੀਆਂ ਨਾਲ ਉਦਯੋਗਿਕ ਵਿਕਾਸ ਵਿੱਚ ਸਾਕਾਰਤਮਕ ਨਿਵੇਸ਼ ਦੇ ਮਾਹੌਲ ਦੇ ਰੂਪ ਵਿੱਚ ਨਵੀਂ ਲਹਿਰ ਪੈਦਾ ਹੋਈ ਹੈ ਜਿਸ ਦਾ ਪ੍ਰਤੱਖ ਪ੍ਰਮਾਣ ਮਾਰਚ 2017 ਤੋਂ ਹੁਣ ਤੱਕ 50,000 ਕਰੋੜ (7 ਬਿਲੀਅਨ ਅਮਰੀਕੀ ਡਾਲਰ) ਦਾ ਨਿਵੇਸ਼ ਜ਼ਮੀਨੀ ਪੱਧਰ ’ਤੇ ਆਉਣ ਤੋਂ ਮਿਲਦਾ ਹੈ। ਕੈਪਟਨ ਨੇ ਕਿਹਾ ਕਿ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ (ਐਮ.ਐਸ.ਐਮ.ਈ.) ਦਾ ਖੇਤਰ ਸੂਬੇ ਵਿੱਚ ਸਮਾਜਿਕ ਆਰਥਿਕ ਵਿਕਾਸ ਦਾ ਧੁਰਾ ਹੈ ਅਤੇ ਉਦਯੋਗਿਕ ਵਿਕਾਸ ਦੀ ਰੀੜ ਦੀ ਹੱਡੀ ਹੈ ਜਿਸ ਨੂੰ ਸੂਬਾ ਸਰਕਾਰ ਵੱਲੋਂ ਬਹੁਤ ਤਰਜੀਹ ਦਿੱਤੀ ਜਾ ਰਹੀ ਹੈ।