ਚੰਡੀਗੜ੍ਹ: ਸਾਬਕਾ ਅਕਾਲੀ ਸਰਪੰਚ ਤੇ ਮੌਜੂਦਾ ਕਾਂਗਰਸੀ ਆਗੂ ਗੁਰਦੀਪ ਸਿੰਘ ਰਾਣੋ ਨਾਲ ਸਬੰਧਿਤ ਨਸ਼ਾ ਤਸਕਰੀ ਦੇ ਕੇਸ ਵਿੱਚ ਹਵਾਲਾ ਦੇ ਰਾਹੀਂ ਕੈਨੇਡਾ ਅਮਰੀਕਾ ਆਦਿ ਦੇਸ਼ਾਂ ਤੋਂ ਹੁੰਦੀ ਫੰਡਿੰਗ ਦੇ ਖੁਲਾਸੇ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਸ ਕੇਸ ਨੂੰ ਹੋਰ ਗੰਭੀਰਤਾ ਨਾਲ ਲੈਣ ਦੀ ਮੰਗ ਕੀਤੀ ਹੈ।
ਚੰਡੀਗੜ੍ਹ ਵਿਖੇ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਕਿਉਂ ਜੋ ਤਸਕਰ ਰਾਣੋ ਦੇ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ ਅੰਕਿਤ ਬਾਂਸਲ ਨਾਲ ਗੂੜ੍ਹੇ ਸਬੰਧ ਹਨ ਇਸ ਲਈ ਜਾਂਚ ਨੂੰ ਪ੍ਰਭਾਵਿਤ ਹੋਣ ਤੋਂ ਬਚਾਉਣ ਲਈ ਮੁੱਖ ਮੰਤਰੀ ਨੂੰ ਫ਼ੌਰੀ ਤੌਰ ਤੇ ਆਪਣੇ ਓਐੱਸਡੀ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਵਿੱਚ ਵੀ ਰਾਜਨੀਤਕ ਆਗੂਆਂ ਦੀ ਸ਼ਹਿ ਕਾਰਨ ਨਸ਼ਾ ਤਸਕਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਅਤੇ ਮੌਜੂਦਾ ਸਰਕਾਰ ਦੇ ਸਮੇਂ ਵੀ ਉਸੇ ਲੜੀ ਨੂੰ ਹੀ ਅੱਗੇ ਤੋਰਿਆ ਜਾ ਰਿਹਾ ਹੈ।
ਹੇਅਰ ਨੇ ਕਿਹਾ ਕਿ ਪਹਿਲਾਂ ਅਕਾਲੀ ਅਤੇ ਹੁਣ ਕਾਂਗਰਸੀ ਆਗੂਆਂ ਨਾਲ ਰਾਣੋ ਦੇ ਨਿੱਜੀ ਸੰਬੰਧਾਂ ਦੀਆਂ ਖ਼ਬਰਾਂ ਸੋਸ਼ਲ ਮੀਡੀਆ ਅਤੇ ਟੀ ਵੀ ਅਖ਼ਬਾਰਾਂ ਵਿੱਚ ਆ ਚੁੱਕੀਆਂ ਹਨ ਅਤੇ ਅਜਿਹੀਆਂ ਵੀਡੀਓ ਵੀ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਪ੍ਰਮੁੱਖ ਸਿਆਸੀ ਆਗੂ ਰਾਣੋ ਨਾਲ ਉਨ੍ਹਾਂ ਦੀ ਗੱਡੀ ਵਿੱਚ ਘੁੰਮਦੇ ਨਜ਼ਰ ਆਏ ਹਨ। ਉਨ੍ਹਾਂ ਕਿਹਾ ਕਿ ਲੋਕਡਾਊਨ ਦੌਰਾਨ ਰਾਣੋ ਦੁਆਰਾ ਬੇਰੋਕ ਟੋਕ ਪੂਰੇ ਪੰਜਾਬ ਵਿੱਚ ਘੁੰਮ ਕੇ ਨਸ਼ਾ ਵੇਚਣ ਦੀਆਂ ਖ਼ਬਰਾਂ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਰਾਜਨੀਤਕ ਆਗੂਆਂ ਤੋਂ ਪੁੱਛਗਿੱਛ ਹੋਣੀ ਚਾਹੀਦੀ ਹੈ।