ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੰਤਰੀ ਅਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਭਲਕੇ ਦੁਪਹਿਰ ਦੇ ਖਾਣੇ 'ਤੇ ਸੱਦਾ ਦਿੱਤਾ ਹੈ। ਇਹ ਜਾਣਕਾਰੀ ਮੁੱਖ ਮੰਤਰੀ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠਕੁਰਾਲ ਨੇ ਟਵੀਟ ਕਰ ਸਾਂਝੀ ਕੀਤੀ ਹੈ।
ਟਵੀਟ 'ਚ ਲਿਖਿਆ ਕਿ ਮੁੱਖ ਮੰਤਰੀ ਕੈਪਟਨ ਨੇ ਨਵਜੋਤ ਸਿੰਘ ਸਿੱਧੂ ਨੂੰ ਦੁਪਹਿਰ ਦੇ ਖਾਣੇ 'ਤੇ ਸੱਦਿਆ ਹੈ ਜਿੱਥੇ ਉਹ ਸਿੱਧੂ ਨਾਲ ਸੂਬੇ ਅਤੇ ਕੌਮੀ ਸਿਆਸਤ 'ਤੇ ਵਿਚਾਰ ਕਰਨਗੇ।
ਮੁੱਖ ਮੰਤਰੀ ਕੈਪਟਨ ਦੇ ਇਸ ਸੱਦੇ ਨਾਲ ਸਿੱਧੂ ਦੀ ਪਾਰਟੀ 'ਚ ਵਾਪਸੀ ਨੂੰ ਲੈ ਅਟਕਲਾਂ ਹੋਰ ਤੇਜ਼ ਹੋ ਗਈਆਂ ਹਨ। ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਵਿਚਕਾਰ ਲੰਮੇ ਸਮੇਂ ਤੋਂ ਨਰਾਜ਼ਗੀ ਚੱਲ ਰਹੀ ਹੈ। ਅਤੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕੈਬਿਨੇਟ ਤੋਂ ਅਸਤੀਫਾ ਵੀ ਦੇ ਦਿੱਤਾ ਸੀ। ਪਰ ਕਿਸਾਨਾਂ ਦੀ ਟਰੈਕਟਰ ਰੈਲੀ 'ਚ ਸਿੱਧੂ ਨੇ ਪੰਜਾਬ ਦੀ ਸਿਆਸਤ 'ਚ ਮੁੜ ਵਾਪਸੀ ਕੀਤੀ, ਉਦੋਂ ਤੋਂ ਹੀ ਸਿੱਧੂ ਦੀ ਕਾਂਗਰਸ 'ਚ ਮੁੜ ਵਾਪਸੀ ਦੀ ਖ਼ਬਰਾਂ ਚਰਚਾ ਦਾ ਵਿਸ਼ਾ ਬਣੀਆਂ।
ਦੱਸਣਯੋਗ ਹੈ ਕਿ ਪਾਰਟੀ ਹਾਈ ਕਮਾਨ ਵੱਲੋਂ ਵੀ ਦੋਵਾਂ ਵਿਚਕਾਰ ਦੂਰੀਆਂ ਘਟਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਮੁੱਖ ਮੰਤਰੀ ਕੈਪਟਨ ਦੇ ਸਿੱਧੂ ਨੂੰ ਭੇਜੇ ਗਏ ਇਸ ਤਾਜ਼ਾ ਸੱਦੇ ਨੂੰ ਵੀ ਇਨ੍ਹਾਂ ਕੋਸ਼ਿਸ਼ ਵੱਜੋਂ ਦੇਖਿਆ ਜਾ ਰਿਹਾ ਹੈ।