ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਅਕਾਲੀ ਦਲ ਵੱਲੋਂ ਅਗਾਮੀ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਤੇ ਪੇਸ਼ੇਵਰ ਅਧਿਕਾਰੀ ਖ਼ਿਲਾਫ਼ ਹਮਲਾ ਸ਼ਰਾਬ ਤ੍ਰਾਸਦੀ ਦੀ ਵਰਤੋਂ ਰਾਹੀਂ ਆਪਣੇ ਸਿਆਸੀ ਏਜੰਡੇ ਨੂੰ ਅੱਗੇ ਵਧਾਉਣ ਦੀ ਸ਼ਰਮਨਾਕ ਕੋਸ਼ਿਸ਼ ਹੈ।
ਕੈਪਟਨ ਦਾ ਇਹ ਬਿਆਨ ਅਕਾਲੀ ਲੀਡਰ ਬਿਕਰਮ ਮਜੀਠੀਆ ਵੱਲੋਂ ਲਾਏ ਦੋਸ਼ਾਂ ਦੇ ਜਵਾਬ ਵਿੱਚ ਆਇਆ ਹੈ, ਜਿਸ ਵਿੱਚ ਮਜੀਠੀਆ ਨੇ ਕਿਹਾ ਸੀ ਕਿ ਸ਼ਰਾਬ ਮਾਫੀਆ ਵਿਰੁੱਧ ਮਿਲੀ ਸ਼ਿਕਾਇਤ ਖ਼ਿਲਾਫ਼ ਕਾਰਵਾਈ ਕਰਨ ਵਿੱਚ ਕਥਿਤ ਤੌਰ 'ਤੇ ਨਾਕਾਮ ਰਹੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਧਰੁਵ ਦਹੀਆ ਨੂੰ ਡੀਜੀਪੀ ਦਿਨਕਰ ਗੁਪਤਾ ਬਚਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਅਧਿਕਾਰੀ ਦਾ ਬਚਾਅ ਕਰਨ ਦਾ ਕੋਈ ਪ੍ਰਸ਼ਨ ਜਾਂ ਜ਼ਰੂਰਤ ਨਹੀਂ, ਜਿਸ ਦਾ ਡਰੱਗ ਅਤੇ ਨਾਜਾਇਜ਼ ਸ਼ਰਾਬ ਤਸਕਰਾਂ ਵਿਰੁੱਧ ਬੇਦਾਗ਼ ਟਰੈਕ ਰਿਕਾਰਡ ਹੈ। ਕੈਪਟਨ ਨੇ ਕਿਹਾ ਕਿ ਐਸਐਸਪੀ ਧਰੁਵ ਦਹੀਆ ਉਨ੍ਹਾਂ ਦੀ ਨਿੱਜੀ ਸੁਰੱਖਿਆ ਟੀਮ ਵਿੱਚ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਹੇ ਮੁਤਾਬਕ ਮਾਫੀਆ ਨਾਲ ਸਬੰਧ ਰੱਖਣ ਵਾਲੇ ਅਜਿਹੇ ਕਿਸੇ ਵੀ ਵਿਅਕਤੀ ਨੂੰ ਮੁੱਖ ਮੰਤਰੀ ਦੀ ਸੁਰੱਖਿਆ ਕਰਨ ਦਾ ਜ਼ਿੰਮਾ ਕਿਵੇਂ ਸੌਂਪਿਆ ਜਾ ਸਕਦਾ ਹੈ।
ਕੈਪਟਨ ਨੇ ਕਿਹਾ ਕਿ ਮਜੀਠੀਆ ਵੱਲੋਂ ਲਾਏ ਦੋਸ਼ਾਂ ਦੇ ਉਲਟ ਐਸਐਸਪੀ ਕੋਲ ਕੋਈ ਵੀ ਨਾਜਾਇਜ਼ ਸ਼ਰਾਬ ਤਿਆਰ ਕਰਨ ਸਬੰਧੀ ਸ਼ਿਕਾਇਤ ਨਹੀਂ ਪ੍ਰਾਪਤ ਹੋਈ। ਸ਼ਰਾਬ ਮਾਫੀਆ ਬਾਰੇ ਐਸਐਸਪੀ ਨੂੰ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਐਸਐਸਪੀ ਵੱਲੋਂ ਸ਼ਰਾਬ ਤਸਕਰਾਂ ਨੂੰ ਪਨਾਹ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।