ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਤਨੀ ਪ੍ਰਨੀਤ ਕੌਰ ਦੇ ਜਨਮਦਿਨ ਮੌਕੇ ਸੋਸ਼ਲ ਮੀਡੀਆ ਰਾਹੀਂ ਇੱਕ ਪਿਆਰਾ ਸੁਨੇਹਾ ਸਾਂਝਾ ਕਰ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ ਹੈ।
ਕੈਪਟਨ ਨੇ ਲਿਖਿਆ, "ਅੱਜ ਮੈਂ ਆਪਣੀ ਹਮਸਫ਼ਰ ਪਰਨੀਤ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਤੇ ਬਸ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਮੇਰੀ ਜ਼ਿੰਦਗੀ ‘ਚ ਆ ਕੇ ਮੈਨੂੰ ਮੁਕੰਮਲ ਕੀਤਾ ਹੈ। ਨਾ ਸਿਰਫ਼ ਘਰ ਦੇ ਮਾਮਲਿਆਂ ਸਗੋਂ ਸਿਆਸਤੀ ਤੇ ਹੋਰ ਜ਼ਰੂਰੀ ਮਾਮਲਿਆਂ ‘ਚ ਵੀ ਤੁਸੀਂ ਹਮੇਸ਼ਾ ਮੇਰੇ ਨਾਲ ਖੜੇ ਰਹੇ ਹੋ।"
"ਤੁਸੀਂ ਇੱਕ ਮਜ਼ਬੂਤ ਮਹਿਲਾ ਹੋ ਜਿਨ੍ਹਾਂ ਨੇ ਆਪਣਾ ਹਰ ਰਿਸ਼ਤਾ ਬਾਖੂਬੀ ਨਿਭਾਇਆ। ਤੁਹਾਡੇ ਇਸ ਜਨਮ ਦਿਨ ‘ਤੇ ਇਹੀ ਅਰਦਾਸ ਹੈ ਕਿ ਤੁਸੀਂ ਇਸੇ ਤਰ੍ਹਾਂ ਅੱਗੇ ਵੱਧਦੇ ਰਹੋ ਤੇ ਹੋਰਨਾਂ ਲਈ ਪ੍ਰੇਰਣਾ ਸ੍ਰੋਤ ਬਣਦੇ ਰਹੋ।"
ਜ਼ਿਕਰਯੋਗ ਹੈ ਕਿ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਦਾ ਜਨਮ 3 ਅਕਤੂਬਰ, 1944 ਨੂੰ ਸ਼ਿਮਲਾ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਗਿਆਨ ਸਿੰਘ ਆਈ.ਸੀ.ਐੱਸ. (ਜਿਸਨੂੰ ਹੁਣ ਆਈ.ਏ.ਐੱਸ. ਕਿਹਾ ਜਾਂਦਾ ਹੈ) ਅਫ਼ਸਰ ਸਨ। ਪ੍ਰਨੀਤ ਕੌਰ ਨੇ ਸੇਂਟ ਬੇਡੇਜ਼ ਕਾਲਜ, ਸ਼ਿਮਲਾ ਤੋਂ ਪੜ੍ਹਾਈ ਕੀਤੀ ਅਤੇ ਉਨ੍ਹਾਂ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਕਾਨਵੈਂਟ ਆਫ਼ ਜੀਸਸ ਐਂਡ ਮੈਰੀ, ਸ਼ਿਮਲਾ ਤੋਂ ਹੀ ਕੀਤੀ। ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਦਾ ਵਿਆਹ 31 ਅਕਤੂਬਰ 1964 ਵਿੱਚ ਹੋਇਆ ਸੀ ਤੇ ਉਸ ਸਮੇਂ ਕੈਪਟਨ ਭਾਰਤੀ ਫ਼ੌਜ ਵਿੱਚ ਸੇਵਾ ਨਿਭਾ ਰਹੇ ਸੀ।