ਚੰਡੀਗੜ੍ਹ: ਸਿਆਚਿਨ ਗਲੇਸ਼ੀਅਰ ਵਿੱਚ ਬੀਤੇ ਸੋਮਵਾਰ ਆਏ ਨੂੰ ਬਰਫੀਲੇ ਤੂਫਾਨ ਵਿੱਚ ਸ਼ਹੀਦ ਹੋਏ ਪੰਜਾਬ ਦੇ 3 ਜਵਾਨਾਂ ਲਈ ਮੁੱਖ ਮੰਤਰੀ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਪੰਜਾਬ ਸਰਕਾਰ ਵੱਲੋਂ ਸਿਆਚਿਨ ਵਿੱਚ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਨੂੰ 12 ਲੱਖ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਰੇਕ ਸ਼ਹੀਦ ਦੇ ਪਰਿਵਾਰ ਵਿੱਚੋਂ ਇੱਕ ਨੂੰ ਬਣਦੀ ਯੋਗਤਾ ਮੁਤਾਬਕ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਹੈ।
ਇਸ ਐਲਾਨ ਤੋਂ ਪਹਿਲਾਂ ਮੁੱਖ ਮੰਤਰੀ ਨੇ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੀ, "ਸਿਆਚਿਨ ਵਿੱਚ ਭਾਰੀ ਬਰਫ਼ਬਾਰੀ ਕਾਰਨ ਸਾਡੇ ਚਾਰ ਜਵਾਨਾਂ ਅਤੇ ਦੋ ਨਾਗਰਿਕਾਂ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਇਸ ਦੁੱਖ ਦੀ ਘੜੀ ਵਿੱਚ ਮੈਂ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਾਂ ਤੇ ਜ਼ਖਮੀਆਂ ਲਈ ਅਰਦਾਸ ਕਰਦਾ ਹਾਂ ਕਿ ਉਹ ਜਲਦ ਸਿਹਤਯਾਬ ਹੋ ਕੇ ਆਪਣੀ ਪਰਿਵਾਰ ਕੋਲ ਵਾਪਸ ਪਰਤਣ।"
ਦੱਸਣਯੋਗ ਹੈ ਕਿ ਸੋਮਵਾਰ ਨੂੰ ਸਿਆਚਿਨ ਵਿੱਚ ਆਏ ਬਰਫੀਲੇ ਤੂਫਾਨ 'ਚ 6 ਜਵਾਨ ਸ਼ਹੀਦ ਹੋਏ ਸਨ, ਜਿਨ੍ਹਾਂ ਵਿਚੋਂ ਤਿੰਨ ਜਵਾਨ ਪੰਜਾਬ ਅਤੇ ਇੱਕ ਹਿਮਾਚਲ ਦਾ ਰਹਿਣ ਵਾਲਾ ਸੀ। ਸ਼ਹੀਦਾਂ ਵਿਚੋਂ ਮੁਕੇਰੀਆਂ ਦੇ ਪਿੰਡ ਸੈਦਾ ਦਾ ਰਹਿਣ ਵਾਲਾ ਸਿਪਾਹੀ ਡਿੰਪਲ ਕੁਮਾਰ, ਬਟਾਲਾ ਦੇ ਪਿੰਡ ਫ਼ਤਿਹਗੜ੍ਹ ਚੂੜੀਆਂ ਦੇ ਨਾਇਕ ਮਨਿੰਦਰ ਸਿੰਘ, ਮਲੇਰਕੋਟਲਾ ਦੇ ਗੋਵਰਾ ਪਿੰਡ ਦਾ ਰਹਿਣ ਵਾਲਾ ਸਿਪਾਹੀ ਵੀਰਪਾਲ ਸਿੰਘ ਅਤੇ ਹਿਮਾਚਲ ਦੇ ਸੋਲਨ ਦਾ ਰਹਿਣ ਵਾਲਾ ਸਿਪਾਹੀ ਮਨੀਸ਼ ਕੁਮਾਰ ਸ਼ਾਮਲ ਹਨ।