ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਪਿੰਡਾਂ ਵਿੱਚ ਕੋਵਿਡ ਸੰਕਟ ਦੇ ਨਾਂਅ ‘ਤੇ ਲੋਕਾਂ ਨੂੰ ਭੜਕਾਉਣ ਤੋਂ ਗੁਰੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ ਜਿੱਥੇ ਕਿ ਵੱਡੀ ਗਿਣਤੀ ਵਿੱਚ ਝੂਠੀਆਂ ਖ਼ਬਰਾਂ ਅਤੇ ਭੜਕਾਊ ਵੀਡੀਓਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਇੱਕ ਵਿਦੇਸ਼ਾਂ ਤੋਂ ਸੰਭਾਵੀ ਤੌਰ ‘ਤੇ ਪਾਕਿਸਤਾਨ ਤੋਂ ਉਪਜਿਆ ਹੈ ਅਤੇ ਜਿਨ੍ਹਾਂ ਦਾ ਪ੍ਰਚਾਰ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਇੱਕ ਸਰਗਰਮ ਵਰਕਰ ਵੱਲੋਂ ਕੀਤਾ ਜਾ ਰਿਹਾ ਹੈ।
ਆਪ ਵਰਕਰ ਅਮਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਸ ਨੇ ਉਸ ਨੂੰ ਇੱਕ ਲਾਸ਼ ਸਬੰਧੀ ਪੋਸਟ ਨੂੰ ਚਾਰੇ ਪਾਸੇ ਫੈਲਾਉਣ ਅਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਮ੍ਰਿਤਕ ਕੋਰੋਨਾ ਮਰੀਜ਼ਾਂ ਦੇ ਅੰਗ ਪੰਜਾਬ ਸਿਹਤ ਵਿਭਾਗ ਦੁਆਰਾ ਕੱਢੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਆਪ ਵਰਕਰ ਦੁਆਰਾ ਪ੍ਰਚਾਰਿਤ ਕੀਤੀ ਜਾ ਰਹੀ ਵੀਡੀਓ/ਪੋਸਟ ਵਿੱਚ ਲੋਕਾਂ ਨੂੰ ਸਿਹਤ ਅਥਾਰਟੀਆਂ ਨਾਲ ਸਹਿਯੋਗ ਨਾ ਕਰਨ ਲਈ ਭੜਕਾਇਆ ਜਾ ਰਿਹਾ ਹੈ ਜਿਸ ਨਾਲ ਸੂਬੇ ਦੇ ਲੋਕਾਂ ਦੀ ਸਿਹਤ ਨੂੰ ਵੱਡਾ ਖ਼ਤਰਾ ਦਰਪੇਸ਼ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੀਆਂ ਅਫ਼ਵਾਹਾਂ ਨਾਲ ਇੱਕ ਭਾਈਚਾਰੇ ਦੇ ਲੋਕਾਂ ਨੂੰ ਜ਼ਰੂਰੀ ਸਿਹਤ ਸੁਵਿਧਾਵਾਂ ਲੈਣ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ ਜੋ ਸੁਵਿਧਾਵਾਂ ਕੋਵਿਡ ਨਾਲ ਪੀੜਤ ਸਾਰੇ ਨਾਗਰਿਕਾਂ ਨੂੰ ਮੁਹੱਈਆ ਕਰਵਾਏ ਜਾਣ ਦੀ ਲੋੜ ਹੈ। ਇਹ ਸਾਫ਼ ਤੌਰ ‘ਤੇ ਸੂਬੇ ਦੇ ਲੋਕਾਂ ਜੋ ਕਿ ਪਹਿਲਾਂ ਹੀ ਇਸ ਮਹਾਂਮਾਰੀ ਨਾਲ ਜੂਝ ਰਹੇ ਹਨ, ਖ਼ਿਲਾਫ਼ ਇਕ ਮਾਰੂ ਅਪਰਾਧਿਕ ਸਾਜ਼ਿਸ਼ ਦਾ ਮਾਮਲਾ ਹੈ।
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਹਿੱਤਾਂ ਦੇ ਵਿਰੋਧੀ ਗੈਰ-ਸਮਾਜਿਕ ਤੱਤਾਂ ਵੱਲੋਂ ਵਿੱਢੀ ਜਾ ਰਹੀ ਇਕ ਵੱਡੀ ਯੋਜਨਾ ਦਾ ਇਹ ਸਭ ਸੂਚਕ ਹੈ ਅਤੇ ਵੀਰਵਾਰ ਨੂੰ ਪੁਲਿਸ ਨੇ ਥਾਣਾ ਸਿਵਲ ਲਾਈਨਜ਼, ਪਟਿਆਲਾ ਵਿਖੇ ਇੱਕ ਸਥਾਨਕ ਮੈਡੀਕਲ ਪੱਤਰਕਾਰ ਜਿਸ ਨੂੰ ਕਿ ਕੋਵਿਡ ਸਬੰਧੀ ਇਕ ਨਕਲੀ ਵੀਡੀਓ ਬਣਾਉਣ ਅਤੇ ਪ੍ਰਚਾਰਿਤ ਕਰਨ ਲਈ 100 ਡਾਲਰ ਦੀ ਪੇਸ਼ਕਸ਼ ਹੋਈ ਸੀ, ਦੀ ਸ਼ਿਕਾਇਤ ‘ਤੇ ਇੱਕ ਹੋਰ ਕੇਸ (ਐਫ.ਆਈ.ਆਰ. ਨੰ:238) ਦਰਜ ਕੀਤੀ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਬੇਹਦ ਮੰਦਭਾਗੀ ਵੀਡੀਓ ਪ੍ਰਚਾਰ ਮੁਹਿੰਮ ਜਿਸ ਵਿੱਚ ਆਪ ਦੇ ਵਰਕਰਾਂ ਨੂੰ ਪੰਜਾਬ ਦੇ ਪਿੰਡਾਂ ਅਤੇ ਗਲੀਆਂ ਵਿੱਚ ਜਾ ਕੇ ਔਕਸੀਮੀਟਰਾਂ ਨਾਲ ਲੋਕਾਂ ਦੇ ਆਕਸੀਜਨ ਦਾ ਪੱਧਰ ਜਾਂਚਣ ਲਈ ਕਿਹਾ ਗਿਆ ਹੈ, ਆਪ ਵੱਲੋਂ ਪੰਜਾਬ ਸਰਕਾਰ ਦੇ ਇਸ ਮਹਾਂਮਾਰੀ ਨੂੰ ਠੱਲ੍ਹ ਪਾ ਕੇ ਸੂਬੇ ਦੇ ਲੋਕਾਂ ਦੀਆਂ ਜਾਨਾਂ ਬਚਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਖੋਰਾ ਲਾਉਣ ਸਬੰਧੀ ਕਈ ਗੰਭੀਰ ਸਵਾਲ ਖੜ੍ਹੇ ਕਰਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਦੇ ਫ਼ੈਸਲੇ ਨਾਲ ਪੰਜਾਬ ਦੀ ਸੁਰੱਖਿਆ ਤੇ ਅਖੰਡਤਾ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਉਨ੍ਹਾਂ ਕੇਜਰੀਵਾਲ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਉਹ ਸਰਹੱਦ ਪਾਰ ਦੀਆਂ ਭਾਰਤ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਨਾ ਖੇਡੇ ਜੋ ਕੋਵਿਡ ਮਹਾਂਮਾਰੀ ਦੀ ਵਰਤੋਂ ਤਾਜ਼ਾ ਸੰਕਟ ਨੂੰ ਵਧਾਉਣ ਦੀਆਂ ਕੋਸ਼ਿਸ਼ ਲਈ ਕਰ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪੰਜਾਬ ਤੋਂ ਦੂਰ ਹੀ ਰਹੇ ਅਤੇ ਆਪਣੇ ਸੂਬੇ ਵਿੱਚ ਕੋਵਿਡ ਨੂੰ ਕੰਟਰੋਲ ਕਰਨ ਦੇ ਪ੍ਰਬੰਧਨ ਉੱਤੇ ਧਿਆਨ ਕੇਂਦਰਿਤ ਕਰੇ ਜਿੱਥੇ ਕੱਲ੍ਹ 2500 ਨਵੇਂ ਕੇਸਾਂ ਦੇ ਪੌਜ਼ੀਟਿਵ ਪਾਏ ਜਾਣ ਨਾਲ ਸਥਿਤੀ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹੈ ਅਤੇ ਹਸਪਤਾਲਾਂ ਵਿੱਚ ਆਈ.ਸੀ.ਯੂ. ਬੈਡ ਫੇਰ ਖਤਮ ਹੋ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਨੂੰ ਕਿਹਾ, ”ਸਾਨੂੰ ਤੁਹਾਡੇ ਔਕਸੀਮੀਟਰਾਂ ਦੀ ਜ਼ਰੂਰਤਾਂ ਨਹੀਂ। ਸਾਨੂੰ ਸਿਰਫ ਪੰਜਾਬ ਵਿੱਚ ਤੁਹਾਡੇ ਵਰਕਰਾਂ ‘ਤੇ ਲਗਾਮ ਲਗਾਉਣ ਦੀ ਲੋੜ ਹੈ ਜਿਹੜੇ ਮੇਰੇ ਲੋਕਾਂ ਨੂੰ ਹਸਪਤਾਲਾਂ ਵਿੱਚ ਕੋਵਿਡ ਟੈਸਟ ਕਰਵਾਉਣ ਅਤੇ ਇਲਾਜ ਨਾ ਕਰਵਾਉਣ ਲਈ ਭੜਕਾ ਰਹੇ ਹਨ।”