ਚੰਡੀਗੜ੍ਹ:ਪੰਜਾਬ ਚੋਣਾਂ ਨੂੰ ਲੈਕੇ ਚੋਣ ਪ੍ਰਚਾਰ ਸਿਖਰਾਂ ਤੇ ਹੈ। ਪੰਜਾਬ ਜਿੱਤਣ ਲਈ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਦਿੱਲੀ ਦੇ ਸਿਆਸੀ ਦਿੱਗਜ਼ਾਂ ਵੱਲੋਂ ਪੰਜਾਬ ਵਿੱਚ ਡੇਰੇ ਲਗਾਏ ਗਏ ਹਨ।
ਭਾਜਪਾ ਦੇ ਹੱਕ ਵਿੱਚ ਪੀਐਮ ਮੋਦੀ, ਅਮਿਤ ਸ਼ਾਹ ਤੋਂ ਇਲਾਵਾ ਕੇਂਦਰੀ ਮੰਤਰੀਆਂ ਪੰਜਾਬ ਵਿੱਚ ਰੈਲੀਆਂ ਕਰ ਰਹੇ। ਪੰਜਾਬ ਕਾਂਗਰਸ ਦੇ ਹੱਕ ਵਿੱਚ ਰਾਹੁਲ ਗਾਂਧੀ-ਪ੍ਰਿਯੰਕਾ ਗਾਂਧੀ ਵੱਲੋਂ ਵੀ ਪਾਰਟੀ ਹੱਕ ਵਿੱਚ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਓਧਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਚੋਣਾਂ ਦੇ ਆਖਰੀ ਦਿਨ ਤੱਕ ਪੰਜਾਬ ਵਿੱਚ ਜ਼ੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ।
ਪਠਾਨਕੋਟ ’ਚ ਪੀਐਮ ਮੋਦੀ ਵਿਰੋਧੀਆਂ ਨੂੰ ਵੰਗਾਰ
ਜੇ ਗੱਲ ਕੀਤੀ ਜਾਵੇ ਭਾਜਪਾ ਦੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਲੰਧਰ ਤੋਂ ਬਾਅਦ ਦੂਜੀ ਰੈਲੀ ਪਠਾਨਕੋਟ ਵਿੱਚ ਕੀਤੀ ਗਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਨਸਭਾ ਨੂੰ ਸੰਬੋਧਨ ਕੀਤਾ ਗਿਆ। ਇਸੇ ਦੇ ਚੱਲਦੇ ਉਨ੍ਹਾਂ ਨੇ ਸਾਰਿਆਂ ਨੂੰ ਸੰਤ ਰਵਿਦਾਸ ਜੈਯੰਤੀ ਦੀ ਵਧਾਈ ਵੀ ਦਿੱਤੀ। ਇਸ ਦੌਰਾਨ ਹੀ ਪੀਐੱਮ ਮੋਦੀ ਨੇ ਵਿਰੋਧੀਆਂ ’ਤੇ ਨਿਸ਼ਾਨੇ ਵੀ ਸਾਧੇ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਸਭ ਤੋਂ ਪਹਿਲਾਂ ਪੀਐੱਮ ਨਰਿੰਦਰ ਮੋਦੀ ਨੇ ਲੋਕਾਂ ਨੂੰ ਸੰਤ ਰਵਿਦਾਸ ਜੀ ਦੀ ਜੈਯੰਤੀ ਦੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਤੋਂ ਲੱਖਾਂ ਸ਼ਰਧਾਲੂ ਬਨਾਰਸ ਗਏ ਹੋਏ ਹਨ। ਬਨਾਰਸ ਚ ਪੰਜਾਬ ਦੇ ਸ਼ਰਧਾਲੂਆਂ ਦੇ ਲਈ ਵਧੀਆ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ਰਧਾਲੂਆਂ ਲਈ ਦੋ ਟ੍ਰੇਨਾਂ ਚਲਾਈਆਂ ਗਈਆਂ। ਇਸਦੇ ਨਾਲ ਹੀ ਪੀਐਮ ਨੇੇ ਸਾਰੇ ਗੁਰੂਆਂ ਨੂੰ ਨਮਨ ਵੀ ਕੀਤਾ।
ਉਨ੍ਹਾਂ ਨੇ ਅੱਗੇ ਕਿਹਾ ਕਿ ਕਰੋੜਾਂ ਦੇਸ਼ਵਾਸੀਆਂ ਨੂੰ ਮੁਫਤ ਚ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। 95 ਫੀਸਦ ਤੋਂ ਵੱਧ ਲੋਕਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ। ਭਾਜਪਾ ਨੇ ਗਰੀਬਾਂ ਦਾ ਕਲਿਆਣ ਕਰਨ ਨੂੰ ਤਰਜੀਹ ਦਿੱਤੀ ਹੈ। ਮਾਝੇ ਦੀ ਮਿੱਟੀ ਨੇ ਉਨ੍ਹਾਂ ਨੂੰ ਮਾਂ ਵਰਗਾ ਪਿਆਰ ਦਿੱਤਾ ਹੈ। ਜੀਵਨ ਦਾ ਅਹਿਮ ਸਮਾਂ ਉਨ੍ਹਾਂ ਨੇ ਪਠਾਨਕੋਟ ’ਚ ਬਿਤਾਇਆ ਹੈ।
ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਜਿੱਥੇ ਵਿਕਾਸ ਉੱਥੇ ਹੀ ਭ੍ਰਿਸ਼ਟਾਚਾਰ ਦਾ ਸਫਾਇਆ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਿਸਾਨ ਵਪਾਰ, ਇੰਡਸਟਰੀ ਨੂੰ ਲਾਹੇਵੰਦ ਬਣਾਇਆ ਜਾਵੇਗਾ। ਉਨ੍ਹਾਂ ਨੇ ਲੋਕਾਂ ਤੋਂ 5 ਸਾਲ ਸੇਵਾ ਕਰਨ ਲਈ ਸਮਾਂ ਮੰਗਿਆ। ਪੀਐੱਮ ਨਰਿੰਦਰ ਮੋਦੀ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਅਤੇ ਏਕਤਾ ਦੇ ਲਈ ਅਸੀਂ ਆਪਣੀ ਪਾਰਟੀ ਦਾ ਨੁਕਸਾਨ ਕਰਕੇ ਪੰਜਾਬ ਦਾ ਭਲਾ ਕਰਨ ਨੂੰ ਤਰਜੀਹ ਦਿੱਤੀ ਸੀ।
ਪਠਾਨਕੋਟ ਰੈਲੀ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਅਤੇ ਦੇਸ਼ ਦੀ ਸ਼ਾਨ ਦੇ ਖਿਲਾਫ਼ ਕਿੰਨੇ ਕਿੰਨੇ ਮਾੜੇ ਕੰਮ ਕੀਤੇ। ਪੀਐਮ ਨੇ ਕਿਹਾ ਕਿ ਇਸੇ ਪਠਾਨਕੋਟ ’ਤੇ ਜਦੋਂ ਪਾਕਿਸਤਾਨ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਉਸ ਸਮੇਂ ਦੇਸ਼ ਇੱਕਠਾ ਸੀ ਪਰ ਕਾਂਗਰਸ ਪਾਰਟੀ ਦੇ ਲੀਡਰ ਕੀ ਕਰ ਰਹੇ ਸੀ। ਉਨ੍ਹਾਂ ਨੇ ਫੌਜੀਆਂ ਦੀ ਬਹਾਦਰੀ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਦੀ ਬਰਸੀ ’ਤੇ ਵੀ ਇਹ ਕਾਂਗਰਸ ਦੇ ਲੋਕ ਆਪਣੀ ਪਾਪ ਲੀਲਾ ਬੰਦ ਨਹੀਂ ਕਰ ਸਕੇ। ਉਹ ਸਾਡੇ ਫੌਜੀਆਂ ਦੀ ਬਹਾਦਰੀ ਦਾ ਮੁੜ ਤੋਂ ਸਬੂਤ ਮੰਗਣ ਲੱਗ ਗਏ ਹਨ।
ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਜੇਕਰ ਇੰਨ੍ਹਾਂ ਨੂੰ ਮੁੜ ਤੋਂ ਮੌਕਾ ਮਿਲ ਗਿਆ ਤਾਂ ਇਹ ਪੰਜਾਬ ਦੀ ਸੁਰੱਖਿਆ ਨੂੰ ਖਤਰੇ ਚ ਪਾ ਦੇਣਗੇ। ਪਹਿਲਾਂ ਕਾਂਗਰਸ ’ਚ ਕੈਪਟਨ ਸਾਬ੍ਹ ਵਰਗੇ ਆਗੂ ਸੀ ਉਹ ਇੰਨ੍ਹਾਂ ਨੂੰ ਇਸ ਗਲਤ ਰਸਤੇ ’ਤੇ ਜਾਣ ਤੋਂ ਰੋਕਦੇ ਸੀ ਹੁਣ ਤਾਂ ਉਹ ਵੀ ਉੱਥੇ ਨਹੀਂ ਹਨ।
ਇਹ ਵੀ ਪੜ੍ਹੋ:ਪਠਾਨਕੋਟ ਰੈਲੀ: ਪੀਐੱਮ ਮੋਦੀ ਨੇ ਲੋਕਾਂ ਤੋਂ ਮੰਗੇ 5 ਸਾਲ, ਵਿਰੋਧੀਆਂ ਨੂੰ ਘੇਰਿਆ
ਫਿਰੋਜ਼ਪੁਰ ਚ ਗਰਜੇ ਅਮਿਤ ਸ਼ਾਹ
ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੰਜਾਬ ਦਾ ਦੌਰਾ ਕੀਤਾ ਅਤੇ ਇਸ ਫੇਰੀ ਵਿੱਚ ਉਨ੍ਹਾਂ ਨੇ ਪੰਜਾਬ ਦੇ ਜ਼ਿਲੇ ਫਿਰੋਜ਼ਪੁਰ ਵਿਖੇ ਰੈਲੀ ਨੂੰ ਸਬੰਧਿਤ ਕੀਤਾ।
ਫਿਰੋਜ਼ਪੁਰ: ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਿੱਚ ਕੁੱਝ ਹੀ ਦਿਨ ਬਾਕੀ ਹਨ, ਜਿਸਦੇ ਚੱਲਦੇ ਹਰ ਪਾਰਟੀ ਪੱਬਾਂ ਭਾਰ ਹੋ ਰਹੀ ਹੈ ਅਤੇ ਪੰਜਾਬ 'ਤੇ ਆਪਣੀ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਨਾਲ ਸਰਗਰਮ ਨਜ਼ਰ ਆ ਰਹੀਆਂ ਹਨ। ਇਸੇ ਤਰ੍ਹਾਂ ਹੀ ਗੁਆਂਡੀ ਰਾਜਾਂ ਦੇ ਮੰਤਰੀ ਵੀ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਲਈ ਆ ਰਹੇ ਹਨ। ਪਿਛਲੇ ਸਮੇਂ ਹਰਿਆਣਾ ਦੇ ਮੁੱਖ ਮੰਤਰੀ ਵੀ ਪੰਜਾਬ ਵਿੱਚ ਚੋਣਾਂ ਨੂੰ ਲੈ ਕੇ ਜਨਤਕ ਮੀਟਿੰਗ ਕਰਨ ਆਏ ਸਨ।
ਇਸੇ ਤਰ੍ਹਾਂ ਹੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੰਜਾਬ ਦਾ ਦੌਰਾ ਕੀਤਾ ਅਤੇ ਇਸ ਫੇਰੀ ਵਿੱਚ ਉਹ ਪੰਜਾਬ ਦੇ ਜ਼ਿਲ੍ਹੇ ਫਿਰੋਜ਼ਪੁਰ ਵਿਖੇ ਰੈਲੀ ਨੂੰ ਸੰਬੋਧਿਤ ਹੋਏ। ਗ੍ਰਹਿ ਮੰਤਰੀ ਨੇ ਕਿਹਾ ਕਿ ਪੰਜਾਬ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਗੁਰੂ ਪੀਰ ਹੋਏ ਹਨ, ਇਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਇੱਕ ਸਮਾਰਕ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਫਿਰੋਜ਼ਪੁਰ ਵਿੱਚ ਆਉਂਦੇ ਹਾਂ ਤਾਂ 1965 ਦੀ ਜੰਗ ਯਾਦ ਆ ਜਾਂਦੀ ਹੈ ਅਤੇ ਸ਼ਹਾਦਤਾਂ ਦੇਣ ਵਾਲੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਦਾ ਮਨ ਕਰਦਾ ਹੈ।
ਸ਼ਾਹ ਵੱਲੋਂ ਪੰਜਾਬ ਵਿੱਚ ਪੀਐਮ ਰੈਲੀ ਦੇ ਰੱਦ ਹੋਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਵਿੱਚ ਰੈਲੀ ਹੋਣ ਤੋਂ ਕਾਂਗਰਸ ਡਰਦੀ ਸੀ। ਇਸ ਲਈ ਰੈਲੀ ਨੂੰ ਰੋਕਣ ਦੀ ਕੋਸ਼ਿਸ ਕੀਤੀ ਗਈ। ਉਨ੍ਹਾਂ ਸਵਾਲ ਚੁੱਕਦਿਆਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਪੀਐੱਮ ਮੋਦੀ ਦਾ ਸੁਆਗਤ ਕੀਤਾ ਗਿਆ ਸੀ ਕੀ ਅਜਿਹਾ ਸੁਆਗਤ ਕੀਤਾ ਜਾਂਦਾ ਹੈ ਮਹਿਮਾਨਾਂ ਦਾ।
ਉਨ੍ਹਾਂ ਕਿਹਾ ਕਿ ਜੇ ਸਰਕਾਰ ਪ੍ਰਧਾਨ ਮੰਤਰੀ ਲਈ ਰਾਹ ਸੁਰੱਖਿਅਤ ਨਹੀਂ ਰੱਖ ਸਕਦੀ, ਉਹ ਪੰਜਾਬ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜਦੋਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੀ ਤਾਂ ਕੁੱਝ ਹੀ ਦਿਨਾਂ ਵਿੱਚ ਅੱਤਵਾਦੀਆਂ ਨੂੰ ਮੂੰਹ ਤੋੜ ਜੁਆਬ ਦਿੱਤਾ ਗਿਆ ਇਹ ਕੇਵਲ ਮੋਦੀ ਸਰਕਾਰ ਵਿੱਚ ਹੀ ਸੰਭਵ ਹੋ ਸਕਿਆ ਹੈ।
ਉਨ੍ਹਾਂ ਨਸ਼ੇ ਦੇ ਮਸਲੇ ਨੂੰ ਲੈਕੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਨੂੰ ਅੱਜ ਤੱਕ ਕੋਈ ਵੀ ਸਰਕਾਰ ਨਸ਼ਾ ਮੁਕਤ ਨਹੀਂ ਕਰਾ ਸਕੀ। ਉਨ੍ਹਾਂ ਪਾਰਟੀਆਂ ਦਾ ਨਾਮ ਲੈਂਦੇ ਕਿਹਾ ਕਿ ਉਹ ਭਾਵੇਂ ਅਕਾਲੀ ਦਲ ਹੋਵੇ ਜਾਂ ਕਾਂਗਰਸ। ਸ਼ਾਹ ਨੇ ਕਿਹਾ ਕੇਜਰੀਵਾਲ ਤਾਂ ਦਿੱਲੀ ਨੂੰ ਸ਼ਰਾਬ ਦੇ ਨਸ਼ੇ ਵਿੱਚ ਡਬੋ ਚੁੱਕੇ ਹਨ ਪਰ ਤੁਸੀਂ ਇੱਕ ਵਾਰ ਮੋਦੀ ਸਰਕਾਰ ਨੂੰ ਪੰਜ ਸਾਲ ਲਈ ਮੌਕਾ ਦਿਓ ਪੰਜਾਬ ਨੂੰ ਮੋਦੀ ਸਰਕਾਰ ਹੀ ਨਸ਼ਾ ਮੁਕਤ ਕਰੇਗੀ।