ਚੰਡੀਗੜ੍ਹ: ਨਾਗਰਿਕਾਂ ਨੂੰ ਵੋਟਰਾਂ ਵਜੋਂ ਰਜਿਸਟਰ ਕਰਨ ਅਤੇ ਵੋਟਰ ਸੂਚੀ ਦੇ ਵੇਰਵਿਆਂ ਦੀ ਤਸਦੀਕ ਕਰਨ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਯਕੀਨੀ ਬਣਾਉਣ ਲਈ ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ ਈ.ਆਰ.ਓਜ਼, ਏ.ਈ.ਆਰ.ਓਜ਼ ਅਤੇ ਚੋਣ ਤਹਿਸੀਲਦਾਰਾਂ ਸਮੇਤ ਸਾਰੇ ਫੀਲਡ ਅਧਿਕਾਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ ਗਈ।
ਵੋਟਰ ਸੂਚੀ ਵਿੱਚ ਸੁਧਾਈ ਲਈ ਯੋਗਤਾ ਮਿਤੀ 1 ਜਨਵਰੀ 2021 ਹੈ ਭਾਵ ਜਿਨ੍ਹਾਂ ਦੀ ਉਮਰ ਮਿਤੀ 01.01.2021 ਨੂੰ ਜਾਂ ਇਸ ਤੋਂ ਪਹਿਲਾਂ 18 ਸਾਲ ਦੀ ਪੂਰੀ ਹੋ ਚੁੱਕੀ ਹੈ ਜਾਂ ਪੂਰੀ ਹੋਣ ਵਾਲੀ ਹੈ, ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਯੋਗ ਹੋਣਗੇ। ਵੋਟਰ ਸੂਚੀ ਵਿੱਚ ਸੁਧਾਈ ਦੀ ਪ੍ਰਕਿਰਿਆ ਵੋਟਰ ਸੂਚੀ ਦੇ ਪ੍ਰਕਾਸ਼ਨ ਨਾਲ ਸ਼ੁਰੂ ਹੁੰਦੀ ਹੈ।
ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਨੇ ਕਿਹਾ ਕਿ ਕੋਵਿਡ -19 ਕਰਕੇ ਕਈ ਚੁਣੌਤੀਆਂ ਦਰਪੇਸ਼ ਆਈਆਂ ਹਨ। ਜ਼ਮੀਨੀ ਪੱਧਰ `ਤੇ ਤਨਦੇਹੀ ਅਤੇ ਸਮਰਪਣ ਨਾਲ ਕੰਮ ਕਰ ਰਹੀ ਸਾਡੀਆਂ ਟੀਮਾਂ ਨਵੀਨਤਮ ਤਕਨਾਲੋਜੀ ਦੀ ਵਰਤੋਂ ਨਾਲ ਇਸ ਕਾਰਜ ਨੂੰ ਨੇਪਰੇ ਚਾੜ੍ਹਣਗੀਆਂ।