ਚੰਡੀਗੜ੍ਹ: ਸੱਤਾ ਵਿੱਚ ਆਉਣ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ। ਐਲਾਨ ਕੀਤਾ ਸੀ ਕਿ ਪਹਿਲੀ ਕੈਬਿਨੇਟ ਬੈਠਕ ਵਿੱਚ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਾਰੇ ਵਾਅਦੇ ਭੁੱਲ ਕੇ ਕਾਂਗਰਸ ਦੀ ਸਰਕਾਰ ਕਮੇਟੀਆ ਦੀ ਸਰਕਾਰ ਬਣ ਕੇ ਰਹਿ ਗਈ। 4 ਸਾਲਾਂ ਵਿੱਚ ਮੁੱਖ ਮੰਤਰੀ ਵੱਲੋਂ 5 ਕੈਬਿਨੇਟ ਸਬ ਕਮੇਟੀਆ ਬਣਾਈਆ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਸਪੈਸ਼ਲ ਬ੍ਰਹਮ ਮਹਿੰਦਰਾਂ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਜੋ ਕਿ ਬਾਅਦ ਵਿੱਚ 5 ਮੈਂਬਰੀ ਕੈਬਿਨੇਟ ਸਬ ਕਮੇਟੀ ਬਣਾਈ ਗਈ। ਪਰ ਕੈਪਟਨ ਵੱਲੋਂ ਬਣਾਈ ਗਈ ਕੈਬਿਨੇਟ ਸਬ ਕਮੇਟੀ ਗਾਂਧੀ ਦੇ ਤਿੰਨ ਬਾਂਦਰ ਦੀ ਤਰਜ਼ ਉੱਤੇ ਕੰਮ ਕਰ ਰਹੀ ਹੈ।
ਜੋ ਚਾਰ ਸਾਲਾਂ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਨਾ ਕੁੱਝ ਬੋਲ ਰਹੀ ਹੈ ਨਾ ਉਨ੍ਹਾਂ ਦੀ ਸੁਣ ਰਹੀ ਹੈ ਅਤੇ ਨਾ ਹੀ ਉਨ੍ਹਾਂ ਵੱਲ ਦੇਖ ਰਹੀ ਹੈ। ਇਸ ਸਾਰੇ ਮਸਲੇ ਨੂੰ ਦੇਖਦੇ ਹੋਏ ਹੁਣ ਕੱਚੇ ਮੁਲਾਜ਼ਮ ਸਰਕਾਰ ਤੋਂ ਖ਼ਫਾ ਹੋ ਗਏ ਹਨ। ਇਸ ਕਰਕੇ ਮੁਲਾਜ਼ਮਾਂ ਵੱਲੋਂ ਕੈਬਿਨੇਟ ਸਬ ਕਮੇਟੀ ਮੈਂਬਰਾਂ ਦੇ ਘਰਾਂ ਦੇ ਘਿਰਾਓ ਦਾ ਐਲਾਨ ਕਰ ਦਿੱਤਾ ਹੈ। ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆ ਵੱਲੋਂ 19 ਜੂਨ ਨੂੰ ਕੈਬਿਨੇਟ ਸਬ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਘਰ ਦੇ ਬਾਹਰ ਖਰੜ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।