ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਗਰੁੱਪ ਵੱਲੋਂ ਸ਼ੁੱਕਰਵਾਰ ਨੂੰ ਕਿਸਾਨ ਭਵਨ 'ਚ ਮਹੀਨੇਵਾਰ ਮੀਟਿੰਗ ਕੀਤੀ। ਇਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕੀਤੀ।
ਇਸ ਸੰਬਧੀ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਆਪਣੀ ਨਵੀਂ ਪਾਲਿਸੀ ਦੇ ਤਹਿਤ ਕਿਸਾਨਾਂ ਤੋਂ ਉਨ੍ਹਾਂ ਦੀ ਜ਼ਮੀਨ ਲੈ ਕੇ ਕਾਰਪੋਰੇਟ ਘਰਾਣਿਆਂ ਨੂੰ ਖੇਤੀਬਾੜੀ ਕਰਨ ਦੇ ਲਈ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਰਕੀਟਿੰਗ ਐਕਟ ਵਿੱਚ ਸੋਧ ਵੀ ਕੀਤੀ ਗਈ ਹੈ, ਜਿਸ ਤਹਿਤ ਕੋਈ ਵੀ ਆਪਣਾ ਪ੍ਰਾਈਵੇਟ ਯਾਰਡ ਬਣਾਉਣ ਦੇ ਲਈ 10 ਏਕੜ ਜ਼ਮੀਨ ਖ਼ਰੀਦ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਭੇਜੀ ਗਈ ਹੈ, ਜਿਸ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ 500 ਏਕੜ ਅਤੇ 1000 ਏਕੜ ਜ਼ਮੀਨ ਦੇ ਕਲੱਸਟਰ ਮੰਗੇ ਹਨ। ਜਿਥੇ ਤਿੰਨ ਕਾਰਪੋਰੇਟ ਕੰਪਨੀਆਂ ਕੰਮ ਕਰਨਗੀਆਂ। ਇੱਕ ਕੰਪਨੀ ਪ੍ਰੋਡਕਸ਼ਨ ਦਾ, ਦੂਜੀ ਵੇਅਰ ਹਾਊਸਿੰਗ ਦਾ ਅਤੇ ਤੀਜੀ ਮਾਰਕੀਟਿੰਗ ਦਾ ਕੰਮ ਕਰੇਗੀ। ਇਸ ਤਰ੍ਹਾਂ ਉਹ ਸਾਰੀ ਖੇਤੀ ਕਾਰਪੋਰੇਟ ਸੈਕਟਰ ਦੇ ਹਵਾਲੇ ਕਰਨ ਜਾ ਰਹੇ ਹਨ।