ਚੰਡੀਗੜ੍ਹ: ਪੰਜਾਬ ਸਰਕਾਰ ਨੇ ਬੁੱਧਵਾਰ ਤੋਂ ਸੂਬੇ ਵਿੱਚ ਬੱਸਾਂ ਚਲਾਉਣ ਦਾ ਫ਼ੈਸਲਾ ਲਿਆ ਹੈ। ਇਸ ਦੀ ਜਾਣਕਾਰੀ ਸੂਬੇ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦਿੱਤੀ।
ਟਰਾਂਸਪੋਰਟ ਮੰਤਰੀ ਮੁਤਾਬਕ ਵਿਭਾਗ ਨੂੰ ਕੋਰੋਨਾ ਮਹਾਂਮਾਰੀ ਕਾਰਨ ਕਾਫੀ ਘਾਟਾ ਪਿਆ ਹੈ ਅਤੇ ਉਹ ਬੱਸਾਂ ਦਾ ਕਿਰਾਇਆ ਵਧਾਉਣ ਬਾਰੇ ਵੀ ਸੋਚ ਰਹੇ ਹਨ ਤਾਂ ਜੋ ਘਾਟਾ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਿਰਾਇਆ ਵਧਾਇਆ ਜਾਵੇਗਾ ਜਾਂ ਨਹੀਂ ਇਸ ਬਾਰੇ ਅੰਤਿਮ ਫ਼ੈਸਲਾ ਮੁੱਖ ਮੰਤਰੀ ਹੀ ਲੈਣਗੇ।
ਬੁੱਧਵਾਰ ਤੋਂ ਸੂਬੇ 'ਚ ਬੱਸ ਸੇਵਾ ਹੋਵੇਗੀ ਸ਼ੁਰੂ, ਕਿਰਾਏ 'ਚ ਹੋ ਸਕਦੈ ਵਾਧਾ ਬੀਤੇ ਦਿਨੀਂ ਹੋਈ ਵਿਭਾਗ ਦੀ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ ਸੀ ਕਿ ਰਾਜ ਟਰਾਂਸਪੋਰਟ ਅੰਡਰਟੇਕਿੰਗ ਬੱਸਾਂ ਨੂੰ ਬੁੱਧਵਾਰ ਤੋਂ ਵੱਡੇ ਸ਼ਹਿਰਾਂ ਅਤੇ ਜ਼ਿਲ੍ਹਾ ਹੈਡਕੁਆਟਰਾਂ ਦਰਮਿਆਨ ਪੁਆਇੰਟ ਤੋਂ ਪੁਆਇੰਟ ਤੱਕ ਚੋਣਵੇਂ ਰੂਟਾਂ ‘ਤੇ ਚੱਲਣ ਦੀ ਆਗਿਆ ਦਿੱਤੀ ਜਾਏਗੀ ਅਤੇ ਇਨ੍ਹਾਂ ਬੱਸਾਂ ਵਿਚ 50% ਯਾਤਰੀ ਸਫ਼ਰ ਕਰ ਸਕਣਗੇ।
ਇਹ ਬੱਸਾਂ ਸਿਰਫ਼ ਬੱਸ ਅੱਡਿਆਂ ਤੋਂ ਚੱਲਣਗੀਆਂ, ਜਿਥੇ ਬੱਸਾਂ ਵਿੱਚ ਚੜ੍ਹਨ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਜਾਏਗੀ। ਮੰਤਰੀ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਇਹ ਯਕੀਨੀ ਬਣਾਏਗਾ ਕਿ ਬੱਸਾਂ ਜਾਂ ਹੋਰ ਟਰਾਂਸਪੋਰਟ ਚਲਾਉਣ ਸਮੇਂ ਕੋਵਿਡ-19 ਸਬੰਧੀ ਸਿਹਤ ਅਤੇ ਸਫਾਈ ਸਾਵਧਾਨੀਆਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਏਗੀ।
ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਪਬਲਿਕ ਟਰਾਂਸਪੋਰਟ ਵਿੱਚ ਸਫ਼ਰ ਦੌਰਾਨ ਸਾਰੇ ਯਾਤਰੀ ਵੱਲੋਂ ਸਮਾਜਿਕ ਦੂਰੀ ਕਾਇਮ ਰੱਖੀ ਜਾਵੇ, ਮਾਸਕ ਪਹਿਨੇ ਜਾਣ ਅਤੇ ਸਾਰੇ ਯਾਰਤੀਆਂ ਦੇ ਹੱਥ ਡਰਾਈਵਰਾਂ ਦੁਆਰਾ ਦਿੱਤੇ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕੀਤੇ ਜਾਣ।