ਚੰਡੀਗੜ੍ਹ: ਸੈਕਟਰ 34 ਸਥਿਤ ਆਂਗਨਵਾੜੀ ਵਰਕਰ ਪੰਜਾਬ ਯੂਨੀਅਨ ਦੇ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਵਿੱਚ ਸੈਂਕੜੇ ਆਂਗਣਵਾੜੀ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਾਇਰੈਕਟਰ ਦੇ ਦਫ਼ਤਰ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਈਟੀਵੀ ਭਾਰਤ 'ਤੇ ਜਾਣਕਾਰੀ ਦਿੰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਹਾਲ ਹੀ 'ਚ ਕੈਬਨਿਟ ਮੰਤਰੀ ਅਰੁਣਾ ਚੌਧਰੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ, ਪਰ ਮੁਲਾਕਾਤ ਦਾ ਵੀ ਕੋਈ ਫ਼ਾਇਦਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਦੀਆਂ ਮੰਗਾਂ ਹਨ ਉਹ ਵਿੱਤ ਮੰਤਰੀ ਜਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਪੂਰੀਆਂ ਕਰ ਸਕਦੇ ਹਨ।
ਸਰਕਾਰ 'ਤੇ ਇਲਜ਼ਾਮ ਲਗਾਉਂਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਨੂੰ ਪੋਸ਼ਣ ਅਭਿਆਨ, ਨਾ ਹੀ ਤਿੰਨ ਸਾਲਾਂ ਵਿੱਚ ਜਿੰਨੀਆਂ ਵੀ ਸਰਕਾਰ ਦੀਆਂ ਸਕੀਮਾਂ ਚੱਲ ਰਹੀਆਂ ਹਨ, ਉਨ੍ਹਾਂ ਦਾ ਪੈਸਾ ਦਿੱਤਾ ਗਿਆ। ਜਦਕਿ ਹੁਣ ਸਿਲੰਡਰ ਅੱਠ ਸੌ ਰੁਪਏ ਦਾ ਮਿਲਦਾ ਹੈ ਪਰ ਸਰਕਾਰ ਉਨ੍ਹਾਂ ਨੂੰ ਸਿਰਫ ਚਾਰ ਸੌ ਰੁਪਏ ਦਿੰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਜੋ ਪੋਸਟਾਂ ਭਰੀਆਂ ਜਾ ਰਹੀਆਂ ਹਨ, ਉਹ ਸਿਰਫ਼ ਚੋਣਾਂ ਨੇੜੇ ਆਉਂਦੇ ਹੀ ਸਰਕਾਰ ਵੱਲੋਂ ਭਰੀਆਂ ਜਾ ਰਹੀਆਂ ਹਨ। ਜਦ ਕਿ ਤਿੰਨ ਮਹੀਨੇ ਜੇਕਰ ਕੋਈ ਪੋਸਟ ਖਾਲੀ ਰਹਿ ਜਾਵੇ ਤਾਂ ਉਹ ਆਂਗਨਵਾੜੀ ਸੈਂਟਰ ਨਹੀਂ ਚੱਲ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਉਲਟ ਜਾ ਕੇ ਆਂਗਨਵਾੜੀ ਵਰਕਰਾਂ ਦੀ ਇੰਟਰਵਿਊ ਰਾਹੀਂ ਭਰਤੀ ਕਰੇਗੀ ਜਦਕਿ ਇੰਟਰਵਿਊ ਨਹੀਂ ਕੀਤੀ ਜਾ ਸਕਦੀ।