ਚੰਡੀਗੜ੍ਹ : ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਸਪੱਸ਼ਟ ਕੀਤਾ ਹੈ ਕਿ ਇੱਕ ਕਿਲੋਵਾਟ ਲੋਡ ਤੱਕ ਬਿਜਲੀ ਕੁਨੈਕਸ਼ਨ ਵਾਲੇ ਬੀਪੀਐਲ ਖਪਤਕਾਰਾਂ ਨੂੰ ਇੱਕ ਮਹੀਨੇ ਲਈ 300 ਯੂਨਿਟ ਅਤੇ 2 ਮਹੀਨਿਆਂ ਲਈ 600 ਯੂਨਿਟ ਬਿਜਲੀ ਮੁਆਫ਼ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ 2–3 ਕਿਲੋਵਾਟ ਬਿਜਲੀ ਕੁਨੈਕਸ਼ਨ ਵਾਲੇ ਐਸਸੀ, ਬੀਸੀ ਖਪਤਕਾਰਾਂ ’ਤੇ ਜਨਰਲ ਸ਼੍ਰੇਣੀ ਦਾ ਨਿਯਮ ਲਾਗੂ ਹੋਵੇਗਾ। ਉਨ੍ਹਾਂ ਨੂੰ 2 ਮਹੀਨਿਆਂ ਲਈ 600 ਯੂਨਿਟ ਬਿਜਲੀ ਮੁਆਫ਼ ਕੀਤੀ ਜਾਵੇਗੀ, ਜੇਕਰ ਬਿੱਲ ਇਸ ਤੋਂ ਉਪਰ ਆਉਂਦਾ ਹੈ ਤਾਂ ਉਨ੍ਹਾਂ ਨੂੰ ਪੂਰਾ ਬਿੱਲ ਅਦਾ ਕਰਨਾ ਹੋਵੇਗਾ।
ਇਸ ਤੋਂ ਇਲਾਵਾ ਇਨਕਮ ਟੈਕਸ ਦਾ ਭੁਗਤਾਨ ਕਰਨ ਵਾਲੇ ਅਨੁਸੂਚਿਤ ਜਾਤੀ ਅਤੇ ਬੀਸੀ ਪਰਿਵਾਰ 'ਤੇ ਜਨਰਲ ਸ਼੍ਰੇਣੀ ਦਾ ਫਾਰਮੂਲਾ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ 2 ਮਹੀਨੇ ਦਾ ਬਿਲ 600 ਯੂਨਿਟਾਂ ਤੋਂ ਉਪਰ ਆਉਂਦਾ ਹੈ ਤਾਂ ਉਨ੍ਹਾਂ ਨੂੰ ਪੂਰਾ ਬਿੱਲ ਅਦਾ ਕਰਨਾ ਪਵੇਗਾ।
ਹਰਭਜਨ ਸਿੰਘ ਨੇ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ ਇੱਕ ਕਿਲੋਵਾਟ ਲੋਡ ਵਾਲੇ ਬਿਜਲੀ ਕੁਨੈਕਸ਼ਨ ਵਾਲੇ ਅਨੁਸੂਚਿਤ ਜਾਤੀ ਵਰਗ ਦੇ ਬੀਪੀਐਲ ਖਪਤਕਾਰਾਂ ਨੂੰ 200 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਂਦੀ ਸੀ, ਹੁਣ ਇਸ ਨੂੰ ਵਧਾ ਕੇ 300 ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ 2 ਮਹੀਨਿਆਂ ਵਿੱਚ 600 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਜੇਕਰ ਉਨ੍ਹਾਂ ਦਾ ਬਿੱਲ 600 ਯੂਨਿਟ ਤੋਂ ਉੱਪਰ ਆਉਂਦਾ ਹੈ, ਤਾਂ ਉਨ੍ਹਾਂ ਨੂੰ 600 ਯੂਨਿਟ ਮੁਆਫ਼ ਕੀਤੇ ਜਾਣਗੇ ਅਤੇ ਜੇਕਰ ਉਨ੍ਹਾਂ ਦਾ ਬਿੱਲ 610 ਯੂਨਿਟ ਆਉਂਦਾ ਹੈ ਤਾਂ 10 ਯੂਨਿਟ ਬਿਜਲੀ ਦਾ ਬਿੱਲ ਹੀ ਅਦਾ ਕਰਨਾ ਹੋਵੇਗਾ।