ਚੰਡੀਗੜ੍ਹ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੇ ਸਿੰਗਲਾ ਨੇ ਅੱਜ ਐਲਾਨ ਕੀਤਾ ਕਿ ਸੂਬੇ ਵਿੱਚ 18 ਅਪ੍ਰੈਲ ਤੋਂ ਸਿਹਤ ਮੇਲੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸੂਬਾ ਵਾਸੀ ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਦੀ ਦੋਹਰੀ ਮਾਰ ਝੱਲ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਬਿਮਾਰੀਆਂ ਦੀ ਰੋਕਥਾਮ ਜਲਦੀ ਜਾਂਚ ਕਰਕੇ, ਸਿਹਤ ਸਿੱਖਿਆ ਪ੍ਰਦਾਨ ਕਰਕੇ, ਸਮੇਂ ਸਿਰ ਰੈਫਰਲ ਅਤੇ ਪ੍ਰਬੰਧਨ ਨਾਲ ਕੀਤੀ ਜਾ ਸਕਦੀ ਹੈ। ਡਾ. ਸਿੰਗਲਾ ਨੇ ਕਿਹਾ ਕਿ ਇਸ ਤੋਂ ਇਲਾਵਾ ਜਾਗਰੂਕਤਾ ਦੀ ਘਾਟ ਅਤੇ ਸਿਹਤ ਪ੍ਰਤੀ ਮਾੜੀਆਂ ਆਦਤਾਂ ਕਈ ਬਿਮਾਰੀਆਂ ਦੇ ਮੁੱਖ ਕਾਰਨ ਪਾਏ ਗਏ ਹਨ।
ਇਨ੍ਹਾਂ ਸਿਹਤ ਮੇਲਿਆਂ ਦੇ ਆਯੋਜਨ ਬਾਰੇ ਜਾਣਕਾਰੀ ਦਿੰਦਿਆਂ ਡਾ. ਵਿਜੇ ਸਿੰਗਲਾ ਨੇ ਅੱਗੇ ਦੱਸਿਆ ਕਿ ਜਲਦੀ ਜਾਂਚ ਅਤੇ ਰੋਕਥਾਮ ਨਾਲ ਬੀਮਾਰੀਆਂ ਦੀ ਦਰ ਅਤੇ ਰੋਕਥਾਮਯੋਗ ਮੌਤ ਦਰ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਹ ਮੇਲੇ ਬਲਾਕ ਪੱਧਰ 'ਤੇ ਆਯੋਜਿਤ ਕੀਤੇ ਜਾਣਗੇ ਜਿੱਥੇ ਸਿਹਤ ਸੇਵਾਵਾਂ ਦੇ ਨਾਲ-ਨਾਲ ਵੱਖ-ਵੱਖ ਬਿਮਾਰੀਆਂ ਅਤੇ ਉਨ੍ਹਾਂ ਤੋਂ ਬਚਾਅ ਦੇ ਉਪਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਸਿਹਤ ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮੇਲੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਤੇ ਪ੍ਰੋਗਰਾਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਹੱਤਵਪੂਰਨ ਸਿੱਧ ਹੋਣਗੇ।ਇਨ੍ਹਾਂ ਮੇਲਿਆਂ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਤੋਂ ਇਲਾਵਾ ਸਰਕਾਰ ਦੇ ਹੋਰ ਕਈ ਵਿਭਾਗ ਜਿਵੇਂ ਖੁਰਾਕ ਅਤੇ ਸਪਲਾਈਜ਼ ਵਿਭਾਗ, ਯੁਵਕ ਮਾਮਲੇ ਅਤੇ ਖੇਡ ਵਿਭਾਗ, ਆਯੂਸ਼ ਵਿਭਾਗ, ਸਕੂਲ ਸਿੱਖਿਆ ਵਿਭਾਗ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਚਾਇਤੀ ਰਾਜ ਸੰਸਥਾ ਅਤੇ ਸ਼ਹਿਰੀ ਵਿਕਾਸ ਵਿਭਾਗ ਹਿੱਸਾ ਲੈਣਗੇ।