ਚੰਡੀਗੜ੍ਹ: ਕਾਂਗਰਸ ਵੱਲੋਂ ਖੇਡਿਆ ਜਾ ਰਿਹਾ ਸਿਆਸੀ ਡਰਾਮਾ ਕਿਸੇ ਵੀ ਚੋਣ ਜਿੱਤ ਵਿੱਚ ਤਬਦੀਲ ਨਹੀਂ ਹੋਵੇਗਾ ਕਿਉਂਕਿ ਸੂਬਾ ਆਰਥਿਕ ਦਬਾਅ ਅਤੇ ਮਾਫ਼ੀਆ ਰਾਜ ਨਾਲ ਲੜ ਰਿਹਾ ਹੈ। ਇਹ ਗੱਲ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੱਖ-ਵੱਖ ਸਿਆਸੀ ਪਾਰਟੀਆਂ ਛੱਡ ਭਾਜਪਾ 'ਚ ਸ਼ਾਮਲ ਹੋਣ ਵਾਲੇ ਸੀਨੀਅਰ ਆਗੂਆਂ ਲਈ ਕਰਵਾਏ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੰਗਠਨ ਜਨਰਲ ਸਕੱਤਰ ਦਿਨੇਸ਼ ਕੁਮਾਰ, ਸੂਬਾ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ, ਸੂਬਾ ਮੀਤ ਪ੍ਰਧਾਨ ਸੁਖਵੰਤ ਸਿੰਘ ਧਨੌਲਾ, ਸੂਬਾਈ ਬੁਲਾਰੇ ਅਨਿਲ ਸਰੀਨ ਵੀ ਹਾਜ਼ਰ ਸਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਵਿਰੋਧੀ ਪਾਰਟੀ ਭਾਵੇਂ ਉਹ ਕਾਂਗਰਸ ਹੋਵੇ, ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਜਾਂ ਕੋਈ ਹੋਰ, ਪੰਜਾਬ ਦੀ ਪੁਰਾਣੀ ਸ਼ਾਨ ਨੂੰ ਵਾਪਸ ਲਿਆਉਣ ਲਈ ਉਨ੍ਹਾਂ ਕੋਲ ਕੋਈ ਸਿਆਸੀ ਵਿਚਾਰਧਾਰਾ ਨਹੀਂ ਹੈ। ਪੰਜਾਬ 'ਚ ਅੱਜ ਨਸ਼ੇ, ਸ਼ਰਾਬ, ਲੈਂਡ ਮਾਫੀਆ ਅਤੇ ਰੇਤ ਮਾਫੀਆ ਦੇ ਨਾਲ-ਨਾਲ ਟ੍ਰਾਂਸਪੋਰਟ ਮਾਫੀਆ ਵਲੋਂ ਸੂਬੇ ਦਾ ਖੂਨ ਵਗਾਇਆ ਜਾ ਰਿਹਾ ਹੈ। ਇਹ ਸਾਡੇ ਸੂਬੇ ਦੀ ਬਦਕਿਸਮਤੀ ਹੈ ਕਿ ਇਸ ਕੋਲ ਬੁਨਿਆਦੀ ਢਾਂਚੇ, ਸਿਹਤ, ਸਿੱਖਿਆ ਦੇ ਸੁਧਾਰ ਲਈ ਵਚਨਬੱਧਤਾ ਅਤੇ ਤਰੱਕੀ ਦੇ ਰੋਡਮੈਪ ਅਤੇ ਦੂਰਗਾਮੀ ਸੋਚ ਦੀ ਘਾਟ ਹੈ, ਜੋ ਸਾਡੇ ਸ਼ਾਨਦਾਰ ਪੰਜਾਬ ਨੂੰ ਮੁੜ ਸੁਰਜੀਤ ਕਰ ਸਕਦੀ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ‘ਨਵਾਂ ਪੰਜਾਬ’ ਭਾਜਪਾ ਦਾ ਨਾਅਰਾ ਹੀ ਨਹੀਂ, ਸਗੋਂ ਪੰਜਾਬ ਦੇ ਹਰ ਪੰਜਾਬੀ ਨੂੰ ਬਰਾਬਰ ਦਾ ਆਰਥਿਕ ਦਰਜਾ ਦੇਣ ਦੀ ਇਮਾਨਦਾਰ ਵਚਨਬੱਧਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਵਿੱਚੋਂ 'ਮਾਫੀਆ ਰਾਜ' ਦਾ ਸਫਾਇਆ ਕਰਨ ਦੀ ਵਚਨਬੱਧਤਾ ਨਾਲ ਚੋਣ ਮੈਦਾਨ ‘ਚ ਉਤਰੇਗੀ।
ਇਹ ਵੀ ਪੜ੍ਹੋ :ਟ੍ਰਾਂਸਪੋਰਟ ਵਿਭਾਗ ਦੀ ਰੋਜ਼ਾਨਾ ਆਮਦਨ 'ਚ 1 ਕਰੋੜ ਰੁਪਏ ਦਾ ਵਾਧਾ: ਰਾਜਾ ਵੜਿੰਗ