ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਟੁੱਟਣ ਦਾ ਅਸਰ ਚੰਡੀਗੜ੍ਹ ਦੀ ਸਿਆਸਤ 'ਤੇ ਵੀ ਨਜ਼ਰ ਆਵੇਗਾ, ਕਿਉਂਕਿ ਪਹਿਲਾਂ ਅਕਾਲੀ-ਭਾਜਪਾ ਦੋਵੇਂ ਇਕੱਠੇ ਹੋ ਕੇ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਲੜਦੇ ਸਨ। ਹਰ ਚੋਣਾਂ ਤੋਂ ਪਹਿਲਾਂ ਭਾਜਪਾ ਅਕਾਲੀ ਦਲ ਦੇ ਲਈ ਚਾਰ ਕਾਊਂਸਲਰ ਦੀਆਂ ਸੀਟਾਂ ਛੱਡਦੀ ਹੈ। ਹਾਲਾਂਕਿ ਗੱਠਜੋੜ ਟੁੱਟਣ ਦੇ ਨਾਲ ਚੰਡੀਗੜ੍ਹ ਭਾਜਪਾ ਤੇ ਇਸ ਦਾ ਅਸਰ ਨਹੀਂ ਪਵੇਗਾ ਕਿਉਂਕਿ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੀ ਕਾਊਂਸਲਰ ਹਨ ਤੇ ਅਕਾਲੀ ਦਲ ਵੱਲੋਂ ਇੱਕ ਮੇਅਰ ਵੀ ਰਹਿ ਚੁੱਕਿਆ ਹੈ।
ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਸਾਲ 1996 ਤੋਂ ਭਾਜਪਾ ਅਤੇ ਅਕਾਲੀ ਦਲ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਇਕੱਠਾ ਲੜ ਰਿਹਾ ਪਰ ਹੁਣ ਇਹ ਗੱਠਜੋੜ ਟੁੱਟ ਚੁੱਕਿਆ ਹੈ। ਇਸ ਬਾਰੇ ਸਾਰੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਆਪਣੀ ਵੱਖ-ਵੱਖ ਰਾਏ ਰੱਖੀ ਹੈ।
ਅਕਾਲੀਆਂ ਦੇ ਵੱਖ ਹੋਣ ਨਾਲ ਨਗਰ ਨਿਗਮ ਦੀਆਂ ਚੋਣਾਂ 'ਤੇ ਨਹੀਂ ਪਵੇਗਾ ਅਸਰ
ਭਾਰਤੀ ਜਨਤਾ ਪਾਰਟੀ ਦੇ ਕਾਊਂਸਲਰ ਤੇ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਅਰੁਣ ਸੂਦ ਦਾ ਕਹਿਣਾ ਹੈ ਕਿ ਗੱਠਜੋੜ ਅਕਾਲੀ ਦਲ ਨੇ ਤੋੜਿਆ ਹੈ, ਅਸੀਂ ਨਹੀਂ ਛੱਡਿਆਂ। ਇਸ ਕਰਕੇ ਸਾਡੇ 'ਤੇ ਇਸ ਦਾ ਕੋਈ ਵੀ ਅਸਰ ਨਹੀਂ ਪੈਣ ਵਾਲਾ ਹੈ। ਅਰੁਣ ਸੂਦ ਨੇ ਕਿਹਾ ਕਿ ਕਿਉਂਕਿ ਭਾਜਪਾ ਵੱਲੋਂ 26 ਸੀਟਾਂ 'ਤੇ ਚੋਣਾਂ ਲੜੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ 21 ਸੀਟਾਂ ਇਸ ਵਾਰ ਭਾਜਪਾ ਜਿੱਤੀ ਤੇ 4 ਸੀਟਾਂ ਅਕਾਲੀ ਦਲ ਨੂੰ ਦਿੱਤੀਆਂ ਗਈਆਂ ਸੀ। ਇਸ ਵਿੱਚੋਂ ਸਿਰਫ਼ ਇੱਕ ਸੀਟ 'ਤੇ ਹੀ ਅਕਾਲੀ ਦਲ ਜਿੱਤ ਸਕਿਆ ਹੈ। ਅਗਲੀ ਵਾਰ ਅਸੀਂ ਪੂਰੀ 26 ਸੀਟਾਂ 'ਤੇ ਆਪਣੇ ਨੁਮਾਇੰਦੇ ਉਤਾਰਾਂਗੇ ਤੇ ਇਸ ਤੋਂ ਵੀ ਭਾਰੀ ਮੱਤ ਦੇ ਨਾਲ ਜਿੱਤਾਂਗੇ।
ਮੁੜ ਅਕਾਲੀ-ਭਾਜਪਾ ਗੱਠਜੋੜ ਹੋ ਸਕਦੈ
ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ ਇੱਕ ਮਾਤਰ ਕਾਊਂਸਲਰ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਮੁੱਦੇ 'ਤੇ ਵੱਖ-ਵੱਖ ਰਾਏ ਹੋਣ ਦੇ ਕਾਰਨ 23 ਸਾਲ ਪੁਰਾਣਾ ਗੱਠਜੋੜ ਟੁੱਟ ਗਿਆ ਹੈ। ਅਸੀਂ ਮੰਨਦੇ ਹਾਂ ਕਿ ਇਸ ਦਾ ਸਿੱਧਾ ਅਸਰ ਨਗਰ ਨਿਗਮ ਚੋਣਾਂ 'ਤੇ ਵੀ ਪਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਹਮੇਸ਼ਾ ਜ਼ਿਆਦਾ ਸੀਟਾਂ ਆਪਣੇ ਕੋਲ ਰੱਖ ਕੇ ਅਕਾਲੀ ਦਲ ਨੂੰ ਸਿਰਫ਼ ਚਾਰ ਸੀਟਾਂ ਦਿੱਤੀਆਂ ਜਾਂਦੀਆਂ ਹਨ। ਸਾਡੇ ਕਈ ਵਰਕਰ ਇਸ ਕਰਕੇ ਨਾਰਾਜ਼ ਵੀ ਹੋਏ ਹਨ ਪਰ ਇਸ ਵਾਰ ਚੋਣਾਂ ਵਿੱਚ ਅਸੀਂ 26 ਸੀਟਾਂ 'ਤੇ ਉਤਰਾਂਗੇ ਤੇ ਉੱਮੀਦ ਕਰਦੇ ਹਾਂ ਕਿ ਭਾਜਪਾ ਨੂੰ ਇਹ ਗੱਠਜੋੜ ਟੁੱਟਣ ਦਾ ਸੇਕ ਜ਼ਰੂਰ ਲੱਗੇਗਾ।