ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ (Bharatiya Janata Party) ਪੰਜਾਬ ਦੇ ਸੂਬਾਈ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਨੇ ਕਿਸਾਨ ਮੋਰਚੇ ਵੱਲੋਂ ਨਵਰਾਤਰਿਆਂ ਦੇ ਪਵਿੱਤਰ ਦਿਨਾਂ ਦੌਰਾਨ ਰੋਸ-ਪ੍ਰਦਰਸ਼ਨ ਕਰਨ ਦੇ ਫੈਸਲੇ 'ਤੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਜਾਣਬੁੱਝ ਕੇ ਹਿੰਦੂਆਂ ਦੇ ਤਿਉਹਾਰਾਂ ਦੌਰਾਨ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਦੁਸਹਿਰੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਪੁਤਲੇ ਸਾੜਨ ਦੇ ਸੰਯੁਕਤ ਮੋਰਚੇ ਦੇ ਸੱਦੇ 'ਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਦੁਸਹਿਰਾ ਹਿੰਦੂ ਧਰਮ ਦਾ ਪਵਿੱਤਰ ਤਿਉਹਾਰ ਹੈ, ਜਿਸ 'ਤੇ ਕਿਸੇ ਵੀ ਕਿਸਮ ਦੀ ਰਾਜਨੀਤੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਪਿਛਲੇ ਸਾਲ ਵੀ ਇਸੇ ਮੌਕੇ ਕਿਸਾਨ ਜਥੇਬੰਦੀਆਂ ਨੇ ਅਜਿਹੀ ਰਾਜਨੀਤੀ ਕੀਤੀ ਸੀ, ਜਿਸ ਕਾਰਨ ਹਿੰਦੂ ਸਮਾਜ ਵਿੱਚ ਭਾਰੀ ਗੁੱਸਾ ਸੀ।
ਕਿਸਾਨ ਜਥੇਬੰਦੀਆਂ ਵੱਲੋਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕਰਨ ਅਤੇ ਧਨਤੇਰਸ ਵਰਗੇ ਤਿਉਹਾਰਾਂ ਦੌਰਾਨ ਵੀ ਵਿਰੋਧ-ਪ੍ਰਦਰਸ਼ਨ ਕੀਤਾ ਗਿਆ ਸੀ। ਰੱਖੜੀ ਵਰਗੇ ਤਿਉਹਾਰ 'ਤੇ ਵੀ ਧਰਨੇ ਦਾ ਪ੍ਰੋਗਰਾਮ ਜਾਣਬੁੱਝ ਕੇ ਬਣਾਇਆ ਗਿਆ, ਜਿਸ ਕਾਰਨ ਲੱਖਾਂ ਭੈਣਾਂ ਨੂੰ ਪਰੇਸ਼ਾਨੀ ਝੱਲਣੀ ਪਈ। ਪਿਛਲੇ ਇੱਕ ਸਾਲ ਵਿੱਚ ਦੂਜੇ ਧਰਮਾਂ ਦੇ ਬਹੁਤ ਸਾਰੇ ਤਿਉਹਾਰ ਅੰਦੋਲਨ ਦੇ ਦੌਰਾਨ ਆਏ, ਜਿਨ੍ਹਾਂ ਨੂੰ ਕਿਸਾਨ ਮੋਰਚਾ ਖੁਦ ਸਟੇਜ ‘ਤੇ ਮਨਾਉਂਦਾ ਰਿਹਾ, ਫਿਰ ਕੀ ਸਿਰਫ ਹਿੰਦੂ ਤਿਉਹਾਰਾਂ ‘ਤੇ ਹੀ ਐਕਸ਼ਨ ਪ੍ਰੋਗਰਾਮ ਦੇਣਾ ਉਚਿਤ ਹੈ ?