ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਤਾਰਤੀ ਜਨਤਾ ਪਾਰਟੀ ਤੇ ਕੌਮੀ ਜਮਹੂਰੀ ਗਠਜੋੜ ਤੋਂ ਖੇਤੀ ਕਾਨੂੰਨਾਂ ਕਾਰਨ ਨਾਤਾ ਤੋੜ ਲਿਆ ਹੈ। ਇਸ ਮੋਗਰੋਂ ਨਹੁੰ-ਮਾਸ ਦਾ ਰਿਸ਼ਤਾ ਅਖਵਾਉਣ ਵਾਲੇ ਸਿਆਸੀ ਦੋਸਤ ਹੁਣ ਦੁਸ਼ਮਣ ਬਣ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਦੁਆਬਾ ਖੇਤਰ 'ਚ ਭਾਜਪਾ ਦੇ ਕਿਲ੍ਹੇ 'ਚ ਪਹਿਲੀ ਸੰਨ੍ਹ ਲਾ ਦਿੱਤੀ ਹੈ। ਦਲਿਤ ਆਗੂ ਭਾਜਪਾ ਦੇ ਵਰਕਿੰਗ ਕਮੇਟੀ ਮੈਂਬਰ ਤੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਕੀਮਤੀ ਭਗਤ ਭਾਜਪਾ ਨੂੰ ਅਲਵਿਦਾ ਆਖ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।
ਪਾਰਟੀ ਵਿੱਚ ਆਉਣ ’ਤੇ ਦਲਿਤ ਆਗੂ ਦਾ ਸਵਾਗਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਭਗਤ ਦੇ ਪਾਰਟੀ ਵਿਚ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਭਗਤ ਦਾ ਭਗਤ ਭਾਈਚਾਰੇ ਖਾਸ ਤੌਰ ’ਤੇ ਜਲੰਧਰ ਪੱਛਮੀ ਹਲਕੇ ਜਿਥੋਂ ਅਕਾਲੀ ਦਲ-ਭਾਜਪਾ ਗਠਜੋੜ ਵੇਲੇ ਭਾਜਪਾ ਚੋਣ ਲੜਦੀ ਸੀ, ਵਿੱਚ ਵੱਡਾ ਪ੍ਰਭਾਵ ਹੈ। ਉਨ੍ਹਾਂ ਕਿਹਾ ਕਿ ਅਸੀਂ ਭਗਤ ਨੂੰ ਬਣਦਾ ਮਾਣ ਤੇ ਸਤਿਕਾਰ ਦਿਆਂਗੇ।