ਚੰਡੀਗੜ੍ਹ: ਸਮੂਹ ਸਿੱਖ ਸੰਗਤਾਂ ਵੱਲੋਂ ਅੱਜ 'ਖਾਲਸੇ ਦੀ ਮਾਤਾ' ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਹਾੜੇ ਮਨਾਇਆ ਜਾ ਰਿਹਾ ਹੈ। ਮਾਤਾ ਸਾਹਿਬ ਕੌਰ ਜੀ ਦਾ ਜਨਮ ਭਾਈ ਰਾਮੂ ਜੀ ਦੇ ਘਰ ਮਾਤਾ ਜਸਦੇਈ ਜੀ ਦੀ ਕੁੱਖੋਂ ਰੋਹਤਾਸ ਜ਼ਿਲ੍ਹਾ ਜੇਹਲਮ (ਹੁਣ ਪਾਕਿਸਤਾਨ) ਵਿਖੇ ਹੋਇਆ ਸੀ। ਮਾਤਾ ਸਾਹਿਬ ਕੌਰ ਜੀ ਦਾ ਵਿਆਹ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋਇਆ।
ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਕਈ ਸਿਆਸੀ ਆਗੂਆਂ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਸਮੂਹ ਸਿੱਖ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ‘ਖ਼ਾਲਸੇ ਦੀ ਮਾਤਾ’ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸਾਹਿਬ ਕੌਰ ਜੀ ਦਾ ਸਿੱਖ ਇਤਿਹਾਸ ਵਿੱਚ ਵੱਡਾ ਸਥਾਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੁੱਚੇ ਖ਼ਾਲਸਾ ਪੰਥ ਨੂੰ ਮਾਤਾ ਜੀ ਦੀ ਝੋਲੀ ਵਿੱਚ ਪਾ ਕੇ ਆਪ ਜੀ ਨੂੰ ‘ਖ਼ਾਲਸੇ ਦੀ ਮਾਤਾ’ ਹੋਣ ਦਾ ਮਾਣ ਬਖਸ਼ਿਆ। ਆਪ ਜੀ ਦੇ ਜਨਮ ਦਿਹਾੜੇ ਮੌਕੇ ਅਸੀਂ ਆਪ ਜੀ ਨੂੰ ਪ੍ਰਣਾਮ ਕਰਦੇ ਹਾਂ।
ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੀਆਂ ਆਪ ਸੱਭ ਨੂੰ ਲੱਖ ਲੱਖ ਵਧਾਈਆਂ।