ਚੰਡੀਗੜ੍ਹ: ਬਰਡ ਫ਼ਲੂ ਦਾ ਖ਼ਤਰਾ ਕਈ ਸੂਬਿਆਂ ਵਿੱਚ ਮੰਡਰਾਅ ਰਿਹਾ ਹੈ। ਪੰਜਾਬ ਵਿੱਚ ਬਰਡ ਫ਼ਲੂ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਐਨੀਮਲ ਹਸਬੈਂਡਰੀ ਵਿਭਾਗ ਦੇ ਡਾਇਰੈਕਟਰ ਐਚ.ਐਸ. ਕਾਹਲੋਂ ਨੇ ਈਟੀਵੀ ਭਾਰਤ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਕੀ ਜੇ ਕਿਤੇ ਵੀ ਕੋਈ ਮੌਤ ਹੁੰਦੀ ਹੈ ਤਾਂ ਉਸ ਦੀ ਤੁਰੰਤ ਜਾਣਕਾਰੀ ਜਲੰਧਰ ਵਿਖੇ ਸੈਂਪਲ ਸਹਿਤ ਭੇਜੀ ਜਾਵੇ।
ਬਰਡ ਫ਼ਲੂ ਦੇ ਖਤਰੇ ਨੂੰ ਲੈ ਕੇ ਪੰਜਾਬ 'ਚ ਵੀ ਅਲਰਟ ਜਾਰੀ ਪੋਲਟਰੀ ਫ਼ਾਰਮਾਂ ਨੂੰ ਹਦਾਇਤਾਂ ਜਾਰੀ
ਉਨ੍ਹਾਂ ਦੱਸਿਆ ਕਿ ਪੋਲਟਰੀ ਫ਼ਾਰਮ ਵਾਲਿਆਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਆਪਣੇ ਫ਼ਾਰਮ 'ਤੇ ਕਿਸੇ ਵੀ ਹੋਰ ਫ਼ਾਰਮ ਦਾ ਵਰਕਰ ਜਾਂ ਗੱਡੀਆਂ ਐਂਟਰ ਨਾ ਹੋਣ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਪੋਲਟਰੀ ਫ਼ਾਰਮ 'ਤੇ ਨਜ਼ਰ ਰੱਖਣ ਵਾਸਤੇ ਵੈਟਰਨਰੀ ਇੰਸਪੈਕਟਰ, ਪੋਲਟਰੀ ਸਟਾਫ਼ ਸਾਰੇ ਫ਼ਾਰਮਾਂ 'ਤੇ ਜਾ ਕੇ ਜਾਣਕਾਰੀ ਦੇ ਰਹੇ ਹਨ ਕਿ ਕਿਸ ਤਰੀਕੇ ਨਾਲ ਫ਼ਲੂ ਤੋਂ ਬਚਿਆ ਜਾ ਸਕਦਾ ਅਤੇ ਕੀ ਸਾਵਧਾਨੀਆਂ ਵਰਤਣੀਆਂ ਹਨ। ਹਾਲਾਂਕਿ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਨਹੀਂ ਹੈ।
ਪੰਜ ਰਾਜਾਂ ਤੋਂ ਆ ਰਹੇ ਹਨ ਸੈਂਪਲ
ਡਾਇਰੈਕਟਰ ਕਾਹਲੋਂ ਨੇ ਕਿਹਾ ਕਿ ਇਥੇ ਜਲੰਧਰ ਦੀ ਲੈਬ ਵਿੱਚ 5 ਰਾਜਾਂ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ,ਰਾਜਸਥਾਨ ਅਤੇ ਯੂਨੀਅਨ ਟੈਰੀਟਰੀ ਲੇਹ-ਲੱਦਾਖ ਅਤੇ ਚੰਡੀਗੜ੍ਹ ਤੋਂ ਸੈਂਪਲ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਅਜੇ ਤੱਕ ਫ਼ਲੂ ਬਾਰੇ ਪੁਸ਼ਟੀ ਨਹੀਂ ਹੋਈ ਹੈ, ਪਰੰਤੂ ਫਿਰ ਵੀ ਸੈਂਪਲ ਭੋਪਾਲ ਲੈਬ ਵਿੱਚ ਭੇਜੇ ਗਏ ਹਨ ਅਤੇ ਅਗਲੇ 2-3 ਦਿਨਾਂ ਵਿਚ ਸੈਂਪਲ ਦੀ ਰਿਪੋਰਟ ਆ ਜਾਵੇਗੀ।