ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਨੇ ਅੱਜ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਨੂੰ ਸਵਾਲ ਕੀਤਾ ਕਿ ਉਹ ਸਪਸ਼ਟ ਕਰਨ ਕਿ ਜਿਹੜੇ ਅਕਾਲੀ ਵਿਧਾਇਕ ਆਪਣੇ ਕੋਰੋਨਾ ਪੌਜ਼ੀਟਿਵ ਸਾਥੀ ਗੁਰਪ੍ਰਤਾਪ ਸਿੰਘ ਵਡਾਲਾ ਦੇ ਸੰਪਰਕ ਵਿੱਚ ਆਏ ਹਨ, ਕੀ ਉਹ ਕੱਲ੍ਹ ਇਜਲਾਸ ਵਿੱਚ ਆ ਸਕਦੇ ਹਨ ਅਤੇ ਪਾਰਟੀ ਨੇ ਸਿਰਫ ਇੱਕ ਘੰਟੇ ਦਾ ਇਜਲਾਸ ਸੱਦ ਕੇ ਵਿਖਾਵਾ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ।
ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਪੀਕਰ ਨੂੰ ਵਿਧਾਨ ਸਭਾ ਦੇ ਨਿਯਮਾਂ ਅਤੇ ਰਾਜ ਸਰਕਾਰ ਤੇ ਕੇਂਦਰ ਸਰਕਾਰ ਦੇ ਨਿਯਮਾਂ ਦੇ ਆਧਾਰ ’ਤੇ ਇਸ ਸਬੰਧੀ ਸਪਸ਼ਟ ਹਦਾਇਤਾਂ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਦਲ ਇਸ ਮੁੱਦੇ ’ਤੇ ਦੁਚਿੱਤੀ ਵਿੱਚ ਹੈ ਕਿਉਂਕਿ ਇਸ ਨੂੰ ਸਪੀਕਰ ਤੋਂ ਇਸ ਬਾਬਤ ਕੋਈ ਵੀ ਲਿਖਤੀ ਸੰਦੇਸ਼ ਨਹੀਂ ਮਿਲਿਆ।
ਉਨ੍ਹਾਂ ਕਿਹਾ ਕਿ ਜਿੱਥੇ ਤੱਕ ਮੁੱਢਲੇ ਸੰਪਰਕ ਹੋਣ ਦਾ ਸਵਾਲ ਹੈ, ਇਹ ਪੈਮਾਨਾ ਉਨ੍ਹਾਂ ਕਾਂਗਰਸੀਆਂ ਵਿਧਾਇਕਾਂ ’ਤੇ ਵੀ ਲਾਗੂ ਹੁੰਦਾ ਹੈ ਜੋ ਕੱਲ੍ਹ ਇਜਲਾਸ ਵਿੱਚ ਸ਼ਾਮਲ ਹੋਣਗੇ ਤੇ ਉਹ ਵੀ ਆਪਣੇ ਪੌਜ਼ੀਟਿਵ ਆਏ ਸਾਥੀਆਂ ਦੇ ਸੰਪਰਕ ਵਿੱਚ ਵੀ ਆਏ ਹੋਣਗੇ। ਉਨ੍ਹਾਂ ਕਿਹਾ ਕਿ ਸਿਰਫ ਇੱਕ ਹੀ ਵਿਅਕਤੀ ਇਜਲਾਸ ਵਿੱਚ ਸੁਰੱਖਿਅਤ ਆ ਸਕਦਾ ਹੈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਆਪਣੇ ਫਾਰਮ ਹਾਊਸ ’ਤੇ ਇਕਾਂਤਵਾਸ ਕੀਤਾ ਹੋਇਆ ਹੈ।