ਪੰਜਾਬ

punjab

ETV Bharat / city

ਸੂਬੇ 'ਚ ਹੋ ਰਹੀਆਂ ਵਾਰਦਾਤਾਂ ਨੂੰ ਲੈ ਕੇ ਮਜੀਠੀਆ ਦਾ ਕੈਪਟਨ 'ਤੇ ਵਾਰ - punjab cm capt amarinder

ਸੂਬੇ ਦੀ ਵਿਗੜੀ ਅਮਨ ਕਾਨੂੰਨ ਵਿਵਸਥਾ ਨੂੰ ਲੈ ਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਹਮਲਾ ਬੋਲਿਆ ਹੈ। ਮਜੀਠੀਆ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸੂਬੇ ਵਿੱਚ ਜੰਗਲ ਰਾਜ ਹੈ।

ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ

By

Published : Sep 1, 2020, 9:30 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਮੰਗਲਵਾਰ ਨੂੰ ਕਿਹਾ ਕਿ ਸੂਬੇ ਵਿੱਚ ਪਿਛਲੇ ਸਮੇਂ ਦੌਰਾਨ ਲੁੱਟਾਂ ਖੋਹਾਂ, ਤੇ ਹਥਿਆਰਬੰਦ ਡਕੈਤੀਆਂ ਜਿਸ ਦੇ ਕਾਰਨ ਹਾਲ ਹੀ 'ਚ ਪ੍ਰਸਿੱਧ ਕ੍ਰਿਕਟਰ ਸੁਰੇਸ਼ ਰੈਨਾ ਦੇ 2 ਕਰੀਬੀਆਂ ਦੀ ਮੌਤ ਹੋ ਗਈ, ਤੋਂ ਸਪਸ਼ਟ ਸੰਕੇਤ ਮਿਲਦਾ ਹੈ ਕਿ ਜੋ ਲੋਕ ਰਾਜ 'ਚ ਸੱਤਾ ਦਾ ਸੁੱਖ ਭੋਗ ਰਹੇ ਹਨ, ਉਨ੍ਹਾਂ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ ਤੇ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੀ ਕਿਸਮਤ ਭਰੋਸੇ ਛੱਡ ਦਿੱਤਾ ਹੈ।

ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਸਰਕਾਰ ਦੇ ਰਾਜ 'ਚ ਮਹਿਲਾਵਾਂ ਵੀ ਸੁਰੱਖਿਅਤ ਨਹੀਂ ਹਨ ਅਤੇ ਇੱਕ ਕੁੜੀ ਨੂੰ ਆਪਣੇ ਆਪ ਦਾ ਬਚਾਅ ਕਰਨ ਵਾਸਤੇ ਆਪਣੇ ਆਪ ਅੱਗੇ ਆਉਣਾ ਪਿਆ ਹੈ ਜਦੋਂ ਕਿ ਇਸ ਲੜਕੀ ‘ਤੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਾਲ ਹੀ 'ਚ ਵਾਪਰੀਆਂ ਹੋਰ ਘਟਨਾਵਾਂ 'ਚ ਇੱਕ 65 ਸਾਲਾ ਮਹਿਲਾ ਜੋ ਇੱਕ ਇੱਟਾਂ ਦੇ ਭੱਠੇ ਦੀ ਮਾਲਕ ਸੀ, ਦਾ ਉਸਦੇ ਪਾਇਲ ਵਿਚਲੇ ਘਰ ਦੇ ਬਾਹਰ ਕਤਲ ਕਰ ਦਿੱਤਾ ਗਿਆ ਤੇ ਲੁਟੇਰਿਆਂ ਨੇ ਇਕ ਮੰਦਿਰ ਦੇ ਪੁਜਾਰੀ ਦੀ ਵੀ ਹੱਤਿਆ ਕਰ ਦਿੱਤੀ ਤੇ ਪੈਸੇ ਲੁੱਟ ਕੇ ਫਰਾਰ ਹੋ ਗਏ। ਬੀਤੇ ਦਿਨੀ ਇੱਕ ਨੌਜਵਾਨ ਨੂੰ ਵੀ ਗੋਲੀ ਮਾਰ ਦਿੱਤੀ ਗਈ।

ਮਜੀਠੀਆ ਨੇ ਕਿਹਾ ਕਿ ਸ਼ਰਾਬ ਮਾਫੀਆ ਅਤੇ ਰੇਤ ਮਾਫੀਆ ਨੂੰ ਖੁੱਲ੍ਹੇ ਲਾਇਸੰਸ ਜਾਰੀ ਕੀਤੇ ਗਏ ਹਨ ਜਦਕਿ ਮਾੜੇ ਤੱਤਾਂ ਨੇ ਵੀ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿ ਜਿਹੜੇ ਕਾਂਗਰਸੀਆਂ ਵੱਲੋਂ ਸ਼ਰਾਰਤੀ ਅਨਸਰਾਂ ਨਾਲ ਮਿਲ ਕੇ ਘੁਟਾਲੇ ਕੀਤੇ ਗਏ, ਉਨ੍ਹਾਂ ਨੂੰ ਕਲੀਲ ਚਿੱਟ ਜਾਰੀ ਕੀਤੀ ਗਈ ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਹੋਰ ਵਿਗੜੀ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਆਮ ਆਦਮੀ ਲਈ ਅੱਧੀ ਰਾਤ ਦਾ ਕਰਫਿਊ ਲਾਗੂ ਹੈ ਜਦਕਿ ਸੂਬੇ ਭਰ 'ਚ ਖੁੱਲ੍ਹੇ ਫਿਰ ਰਹੇ ਅਪਰਾਧੀਆਂ ‘ਤੇ ਕੋਈ ਰੋਕ ਨਹੀਂ ਹੈ।

ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸੂਬੇ ਵਿਚ ਜੰਗਲ ਰਾਜ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਸੂਬਾ ਪੁਲਿਸ ਨੂੰ ਮਾੜੇ ਅਨਸਰਾਂ ਖ਼ਿਲਾਫ਼ ਮੁਹਿੰਮ ਤੇਜ਼ ਕਰਨ ਦੀ ਹਦਾਇਤ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਨਜਾਇਜ਼ ਗਤੀਵਿਧੀਆਂ ‘ਤੇ ਰੋਕ ਲੱਗਣੀ ਚਾਹੀਦੀ ਹੈ ਕਿ ਭਾਵੇਂ ਕਿ ਉਹ ਕਾਂਗਰਸੀ ਵਿਧਾਇਕਾਂ ਦੀ ਸਰਪ੍ਰਸਤੀ ਹੇਠ ਹੀ ਕਿਉਂ ਨਾ ਚੱਲ ਰਹੀਆਂ ਹੋਣ। ਉਨ੍ਹਾਂ ਕਿਹਾ ਕਿ ਸੂਬੇ ਦੀ ਪੁਲਿਸ ਫੋਰਸ 'ਚ ਮਾੜੇ ਅਨਸਰਾਂ ਦੀ ਵੀ ਸ਼ਨਾਖ਼ਤ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਆਸਤਦਾਨਾਂ 'ਤੇ ਪੁਲਿਸ ਦਰਮਿਆਨ ਜੋ ਗੰਢੁਤਪ ਹੈ ਜਿਸਦੀ ਬਦੌਲਤ ਮਾੜੇ ਅਨੁਸਰਾਂ ਨੂੰ ਸ਼ਹਿ ਮਿਲਦੀ ਹੈ, ਨੂੰ ਨਕੇਲ ਪੈਣੀ ਚਾਹੀਦੀ ਹੈ।

ਮਜੀਠੀਆ ਨੇ ਕਿਹਾ ਕਿ ਇਹ ਸਹੀ ਸਮਾਂ ਹੈ ਜਦੋਂ ਸੂਬੇ ਦੀ ਪੁਲਿਸ ਰਾਤ ਦੀ ਗਸ਼ਤ ਸ਼ੁਰੂ ਕਰੇ ਤਾਂ ਜੋ ਲੋਕਾਂ 'ਚ ਵਿਸ਼ਵਾਸ ਪੈਦਾ ਕੀਤਾ ਜਾ ਸਕੇ ਤੇ ਅਪਰਾਧੀਆਂ ਦੇ ਮਨਾਂ 'ਚ ਖੌਫ ਪੈਦਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨਾਕਾ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਅਤੇ ਸਥਾਨਕ ਪੁਲਿਸ ਥਾਣਿਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹਦੀ ਹੈ ਤੇ ਕਿਸੇ ਅਣਸੁਖਾਵੀਂ ਘਟਨਾ ਵਾਪਰਨ ‘ਤੇ ਉਹਨਾਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।

ABOUT THE AUTHOR

...view details