ਚੰਡੀਗੜ: ਖੇਤੀ ਬਿਲਾਂ ਦੇ ਵਿਰੋਧ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਸਰਬ ਪਾਰਟੀ ਸੰਮਤੀ ਨਾਲ ਪਾਸ ਕੀਤੇ ਬਿੱਲਾਂ ਨੂੰ ਲੈ ਕੇ ਸਿਆਸਤ ਹੋਰ ਵੀ ਵੱਧਦੀ ਜਾ ਰਹੀ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਮੁੱਖ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿ ਕੇ ਪੰਜਾਬੀਆਂ ਨੂੰ ਧੋਖਾ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ 'ਚ ਲਏ ਆਪਣੇ ਸਟੈਂਡ ਤੋਂ ਪਿੱਛੇ ਹਟ ਗਿਆ ਹੈ। ਉਨ੍ਹਾਂ ਨੇ ਵਿਧਾਨ ਸਭਾ ਵਿੱਚ ਦਿੱਤੇ ਆਪਣੇ ਭਾਸ਼ਣ ਦੀਆਂ ਕਾਪੀਆਂ ਜਾਰੀ ਕੀਤੀਆਂ ਅਤੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਦੱਸਣ ਕਿ ਉਨ੍ਹਾਂ ਨੇ ਕੇਂਦਰੀ ਖੇਤੀਬਾੜੀ ਮੰਡੀਕਰਨ ਕਾਨੂੰਨਾਂ ਦੇ ਮੁਕਾਬਲੇ ਤਿੰਨ ਬਿੱਲ ਪਾਸ ਕਰਨ ਤੋਂ ਪਹਿਲਾਂ 3 ਕਰੋੜ ਪੰਜਾਬੀਆਂ ਨੂੰ ਭਰੋਸੇ ਵਿੱਚ ਕਿਉਂ ਨਹੀਂ ਲਿਆ?
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ ਉਸੇ ਤਰੀਕੇ ਝੂਠ ਬੋਲਿਆ ਜਿਵੇਂ ਉਨ੍ਹਾਂ ਨੇ ਦਸਮ ਪਿਤਾ ਦੇ ਨਾਂਅ 'ਤੇ ਝੂਠੀਆਂ ਸਹੁੰਆਂ ਚੁੱਕੀਆਂ ਸਨ। ਇਹ ਸਿਰਫ਼ ਕਿਸਾਨਾਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਦਾ ਰੇਲ ਰੋਕੋ ਸੰਘਰਸ਼ ਖ਼ਤਮ ਕਰਵਾਉਣ ਵਿੱਚ ਉਨ੍ਹਾਂ ਦੀ ਮਦਦ ਕਰਨਗੇ।
ਮਜੀਠੀਆ ਨੇ ਭਾਸ਼ਣ ਦੇ ਉਹ ਅੰਸ਼ ਪੜ੍ਹ ਕੇ ਸੁਣਾਏ ਜਿਸ ਨੇ ਸਪਸ਼ਟ ਕਰ ਦਿੱਤਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਬਿੱਲਾਂ ਵਿੱਚ ਅਕਾਲੀ ਦਲ ਦੇ ਵਿਧਾਇਕ ਦਲ ਵੱਲੋਂ ਪੇਸ਼ ਕੀਤੇ ਸੁਝਾਅ ਸ਼ਾਮਲ ਕਰਨ ਦਾ ਮਸਲਾ ਜ਼ੋਰਦਾਰ ਢੰਗ ਨਾਲ ਉਠਾਇਆ ਸੀ।
ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਦਾ ਝੂਠ ਕੀਤਾ ਬੇਨਕਾਬ ਅਕਾਲੀ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਸਪੱਸ਼ਟ ਕਰ ਦਿੱਤਾ ਸੀ ਕਿ ਤਜਵੀਜ਼ਸ਼ੁਦਾ ਬਿੱਲਾਂ ਲਈ ਰਾਜਪਾਲ ਅਤੇ ਰਾਸ਼ਟਰਪਤੀ ਦੀ ਪ੍ਰਵਾਨਗੀ ਦੀ ਜ਼ਰੂਰਤ ਹੈ ਜੋ ਸ਼ਾਇਦ ਨਹੀਂ ਮਿਲੇਗੀ।
ਉਨ੍ਹਾਂ ਕਿਹਾ ਕਿ ਜਦੋਂ ਸਾਰੇ ਵਿਕਲਪ ਖ਼ਤਮ ਹੋ ਗਏ ਅਤੇ ਪੰਜਾਬ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਰੀਆਂ ਫ਼ਸਲਾਂ ਦੀ ਐੱਮ.ਐੱਸ.ਪੀ 'ਤੇ ਯਕੀਨੀ ਸਰਕਾਰੀ ਖ਼ਰੀਦ, ਸਾਰੇ ਸੂਬੇ ਨੂੰ ਇੱਕ ਸਰਕਾਰੀ ਮੰਡੀ ਐਲਾਨਣ ਅਤੇ 2017 ਦੇ ਸੋਧੇ ਹੋਏ ਏ.ਪੀ.ਐਮ.ਸੀ ਐਕਟ ਨੂੰ ਖ਼ਤਮ ਕਰਨ ਸਮੇਤ ਪੇਸ਼ ਕੀਤੇ ਸਾਰੇ ਸੁਝਾਅ ਮੰਨਣ ਤੋਂ ਜਦੋਂ ਨਾਂਹ ਕਰ ਦਿੱਤੀ ਤਾਂ ਫਿਰ ਅਕਾਲੀ ਦਲ ਨੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਬਿੱਲਾਂ ਦੇ ਹੱਕ ਵਿੱਚ ਵੋਟ ਪਾਈ।